ਮਹਾਨ ਤੇਜ਼ ਗੇਂਦਬਾਜ਼ ਵੇਸਲੇ ਹਾਲ ਨੇ ਵਿਰਾਟ ਨੂੰ ਕਿਹਾ- ''ਤੁਸੀਂ ਮਹਾਨ ਬੱਲੇਬਾਜ਼ਾਂ ''ਚੋਂ ਇਕ ਹੋ''

Wednesday, Jun 19, 2024 - 03:24 PM (IST)

ਬ੍ਰਿਜਟਾਊਨ : ਵੈਸਟਇੰਡੀਜ਼ ਦੇ ਮਹਾਨ ਤੇਜ਼ ਗੇਂਦਬਾਜ਼ ਵੇਸਲੇ ਹਾਲ ਨੇ ਇੰਨੇ ਸਾਲਾਂ 'ਚ ਕਈ ਮਹਾਨ ਬੱਲੇਬਾਜ਼ ਦੇਖੇ ਹਨ ਪਰ ਉਨ੍ਹਾਂ ਦੀ ਨਜ਼ਰ 'ਚ ਭਾਰਤੀ ਸੁਪਰਸਟਾਰ ਕ੍ਰਿਕਟਰ ਵਿਰਾਟ ਕੋਹਲੀ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ 'ਚੋਂ ਇਕ ਹਨ। ਬਾਰਬਾਡੋਸ ਦੇ 86 ਸਾਲਾ ਸਾਬਕਾ ਕ੍ਰਿਕਟਰ ਦਾ ਮੰਨਣਾ ਹੈ ਕਿ ਆਧੁਨਿਕ ਯੁੱਗ ਵਿਚ ਕੈਰੇਬੀਅਨ ਕ੍ਰਿਕਟਰਾਂ ਤੋਂ ਲੱਖਾਂ ਡਾਲਰ ਦੇ ਫਰੈਂਚਾਈਜ਼ੀ ਕ੍ਰਿਕਟ ਸਮਝੌਤੇ ਨੂੰ ਠੁਕਰਾਉਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਪਰ ਇਸ ਨਾਲ ਖੇਤਰ ਵਿਚ ਟੈਸਟ ਕ੍ਰਿਕਟ 'ਤੇ ਉਲਟ ਪ੍ਰਭਾਵ ਪੈ ਰਿਹਾ ਹੈ।
ਆਪਣੇ 16 ਸਾਲ ਦੇ ਕਰੀਅਰ 'ਚ 48 ਟੈਸਟ ਮੈਚ ਖੇਡਣ ਵਾਲੇ ਹਾਲ ਨੇ ਇੱਥੇ ਭਾਰਤੀ ਟੀਮ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਕੋਹਲੀ ਨੂੰ ਆਪਣੀ ਆਤਮਕਥਾ ਭੇਟ ਕੀਤੀ। ਉਨ੍ਹਾਂ ਨੇ ਕੋਹਲੀ ਨੂੰ ਕਿਹਾ, 'ਤੁਸੀਂ ਇੱਥੇ ਅਭਿਆਸ ਕਰਨ ਆਏ ਹੋ ਅਤੇ ਤੁਹਾਡੀ ਮੁਲਾਕਾਤ ਇਕ ਬਜ਼ੁਰਗ ਵਿਅਕਤੀ ਨਾਲ ਹੋ ਗਈ।' ਉਨ੍ਹਾਂ ਨੇ ਕਿਹਾ, 'ਮੈਂ ਕਈ ਮਹਾਨ ਖਿਡਾਰੀਆਂ ਨੂੰ ਦੇਖਿਆ ਹੈ ਅਤੇ ਤੁਸੀਂ ਉਨ੍ਹਾਂ 'ਚੋਂ ਇਕ ਹੋ। ਮੈਂ ਤੁਹਾਡੇ ਕਰੀਅਰ ਨੂੰ ਦੇਖਿਆ ਹੈ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਉਣ ਵਾਲੇ ਕਈ ਸਾਲਾਂ ਤੱਕ ਭਾਰਤ ਲਈ ਖੇਡੋਗੇ।
ਵੈਸਟਇੰਡੀਜ਼ 'ਚ ਟੈਸਟ ਕ੍ਰਿਕਟ ਦੀ ਸਥਿਤੀ ਬਾਰੇ ਉਨ੍ਹਾਂ ਕਿਹਾ, 'ਤੁਹਾਨੂੰ ਅਜਿਹੇ ਖਿਡਾਰੀਆਂ ਦੀ ਜ਼ਰੂਰਤ ਹੈ ਜੋ ਤੁਹਾਡੇ ਨਾਲ ਰਹਿਣ। ਇਕ ਸਮੇਂ ਸਾਡੇ ਕੋਲ ਮਹਾਨ ਖਿਡਾਰੀ ਸਨ ਪਰ ਉਹ ਟੈਸਟ ਕ੍ਰਿਕਟ ਨਹੀਂ ਖੇਡ ਰਹੇ ਸਨ। ਉਨ੍ਹਾਂ ਨੇ ਕਿਹਾ, 'ਪਰ ਜੇ ਮੇਰੇ ਕੋਲ ਪੈਸੇ ਨਹੀਂ ਹਨ ਅਤੇ ਕੋਈ ਚਾਰ ਸਾਲਾਂ ਲਈ ਲੱਖਾਂ ਡਾਲਰ ਦੀ ਪੇਸ਼ਕਸ਼ ਕਰ ਰਿਹਾ ਹੈ, ਤਾਂ ਮੈਂ ਇਨਕਾਰ ਨਹੀਂ ਕਰ ਸਕਦਾ। ਕੋਈ ਨਾ ਕੋਈ ਰਸਤਾ ਲੱਭਣਾ ਹੀ ਪਵੇਗਾ ਤਾਂ ਜੋ ਹਰ ਰੋਜ਼ ਅਜਿਹਾ ਨਾ ਹੋਵੇ। ਹਾਲ ਜਸਪ੍ਰੀਤ ਬੁਮਰਾਹ ਸਮੇਤ ਭਾਰਤੀ ਤੇਜ਼ ਗੇਂਦਬਾਜ਼ਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ, 'ਪਹਿਲਾਂ ਤੁਹਾਡੇ ਕੋਲ ਸਿਰਫ ਕਪਿਲ ਦੇਵ ਸਨ ਪਰ ਹੁਣ ਬਹੁਤ ਸਾਰੇ ਹਨ।'


Aarti dhillon

Content Editor

Related News