17 ਸਾਲਾ ਆਦਰਸ਼ ਨੇ ਆਖਰੀ ਦਿਨ ਜਿੱਤੇ 2 ਸੋਨ ਤਮਗੇ
Friday, Aug 02, 2019 - 10:50 PM (IST)

ਨਵੀਂ ਦਿੱਲੀ—17 ਸਾਲ ਦੇ ਨੌਜਵਾਨ ਨਿਸ਼ਾਨੇਬਾਜ਼ ਆਦਰਸ਼ ਸਿੰਘ ਨੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿਚ 12ਵੀਂ ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਆਖਰੀ ਦਿਨ ਸ਼ੁੱਕਰਵਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਪੁਰਸ਼ ਤੇ ਜੂਨੀਅਰ ਵਰਗ ਦੋਵਾਂ ਦੇ ਸੋਨ ਤਮਗੇ ਜਿੱਤ ਲਏ।
ਆਦਰਸ਼ ਨੇ ਦੋਵੇਂ ਕੁਆਲੀਫਿਕੇਸ਼ਨ ਰਾਊਂਡਜ਼ ਵਿਚ 584 ਦਾ ਸਕੋਰ ਕਰ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ। ਹਰਿਆਣਾ ਦੇ ਆਦਰਸ਼ ਨੇ ਪੁਰਸ਼ ਫਾਈਨਲ ਵਿਚ ਸੈਨਾ ਦੇ ਗੁਰਮੀਤ ਨੂੰ ਨੇੜਲੇ ਮੁਕਾਬਲੇ ਵਿਚ 27-26 ਨਾਲ ਹਰਾਇਆ। 6 ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿਚ ਪੰਜਾਬ ਦਾ ਅਨਹਦ ਜਵੰਦਾ 22 ਦੇ ਸਕੋਰ ਨਾਲ ਤੀਜੇ ਸਥਾਨ 'ਤੇ ਰਿਹਾ। ਜੂਨੀਅਰ ਵਰਗ ਵਿਚ ਆਦਰਸ਼ ਨੇ ਚੰਡੀਗੜ੍ਹ ਦੇ ਵਿਜਯਵੀਰ ਸਿੱਧੂ ਨੂੰ 30-27 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।