ਟੈਨਿਸ ਪਲੇਅਰ ਜੇਲਿਨਾ ਨੇ 2 ਸਾਲਾਂ ''ਚ ਘਟਾਇਆ 44 ਕਿਲੋ ਭਾਰ
Friday, Mar 29, 2019 - 03:32 AM (IST)

ਜਲੰਧਰ - ਆਸਟਰੇਲੀਆ ਦੀ ਸਾਬਕਾ ਟੈਨਿਸ ਖਿਡਾਰਨ ਜੇਲਿਨਾ ਡੋਕਿਕ ਨੇ 2 ਸਾਲਾਂ 'ਚ 44 ਕਿਲੋ ਭਾਰ ਘੱਟ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 2017 ਦੀ ਸ਼ੁਰੂਆਤ ਵਿਚ ਜੇਲਿਨਾ ਦਾ ਭਾਰ ਤਕਰੀਬਨ 120 ਕਿਲੋ ਹੋ ਗਿਆ ਸੀ। ਜਨਤਕ ਸਥਾਨਾਂ 'ਤੇ ਜਦੋਂ ਵੇਟ ਵਧਾਉਣ ਕਾਰਨ ਉਸ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਨੇ ਇਸ ਨੂੰ ਘੱਟ ਕਰਨ ਦਾ ਫੈਸਲਾ ਲਿਆ।
ਜੇਲਿਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਖੱਬੇ ਪਾਸਿਓਂ ਦੀ ਫੋਟੋ ਉਦੋਂ ਦੀ ਹੈ, ਜਦੋਂ ਮੈਂ ਭਾਰ ਘਟਾਉਣ ਦਾ ਆਪਣਾ ਸਫਰ ਸ਼ੁਰੂ ਕੀਤਾ ਸੀ। ਮੈਂ ਸਿਹਤਮੰਦ ਤੇ ਫਿੱਟ ਨਹੀਂ ਸੀ ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਮੈਂ ਬਹੁਤ ਦੁਖੀ ਸੀ, ਉਹ ਵੀ ਬਿਨਾਂ ਕਿਸੇ ਆਤਮ-ਵਿਸ਼ਵਾਸ ਦੇ।
ਮੈਂ ਘਰ ਤੋਂ ਬਾਹਰ ਨਹੀਂ ਜਾਣਾ ਚਾਹੁੰਦੀ ਸੀ ਤੇ ਮੈਂ ਕੰਮ ਦੇ ਮੌਕਿਆਂ ਨੂੰ ਵੀ ਰੱਦ ਕਰ ਦਿੱਤਾ ਕਿਉਂਕਿ ਮੈਂ ਬਹੁਤ ਅਸੁਰੱਖਿਅਤ ਤੇ ਦੁਖੀ ਮਹਿਸੂਸ ਕਰਦੀ ਸੀ। ਜੇਲਿਨਾ ਨੇ ਕਿਹਾ, ''ਇਹ ਨਾ ਸਿਰਫ ਭਾਰ ਘਟਾਉਣ ਦੇ ਬਾਰੇ ਵਿਚ ਹੈ, ਸਗੋਂ ਇਕ ਸਿਹਤਮੰਦ ਤੇ ਸੰਤੁਲਿਤ ਜੀਵਨਸ਼ੈਲੀ ਜਿਊਣ ਤੇ ਸਥਾਈ ਆਦਤਾਂ ਵਿਕਸਿਤ ਕਰਨ ਦੇ ਬਾਰੇ ਵਿਚ ਵੀ ਹੈ। ਹਾਲਾਂਕਿ ਮੈਂ ਕਿਲੋਗ੍ਰਾਮ ਦੇ ਬਾਰੇ ਵਿਚ ਜ਼ਿਆਦਾ ਗੱਲ ਨਹੀਂ ਕਰਦੀ ਪਰ ਮੇਰੇ ਦੂਜੇ ਤੇ ਤੀਜੇ ਚਿੱਤਰ ਵਿਚਾਲੇ ਮੈਂ ਲਗਭਗ 20 ਕਿਲੋ ਭਾਰ ਘੱਟ ਕਰ ਲਿਆ ਹੈ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਉਤਸ਼ਾਹਿਤ ਕਰ ਸਕਦੀ ਹਾਂ ਤੇ ਅੱਗੇ ਜੋ ਵੀ ਹੋਇਆ, ਉਸਦੇ ਬਾਰੇ ਵਿਚ ਬਹੁਤ ਉਤਸ਼ਾਹਿਤ ਹਾਂ।