ਵਿੰਡੀਜ਼ ਖਿਲਾਫ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
Thursday, Oct 11, 2018 - 07:30 PM (IST)

ਹੈਦਰਾਬਾਦ : ਭਾਰਤ ਵਲੋਂ ਘਰੇਲੂ ਪਿੱਚਾਂ 'ਤੇ ਵਿਦੇਸ਼ੀ ਟੀਮਾਂ ਨੂੰ ਪੂਰੀ ਬੇਰਹਿਮੀ ਨਾਲ ਰੋਲਣ ਦਾ ਕ੍ਰਮ ਵਿੰਡੀਜ਼ ਵਿਰੁੱਧ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਵਿਚ ਵੀ ਬਰਕਰਾਰ ਰੱਖਣ ਦੀ ਸੰਭਾਵਨਾ ਹੈ, ਜਿਸ ਵਿਚ ਕੈਰੇਬੀਆਈ ਟੀਮ ਵਾਪਸੀ ਦੀ ਉਮੀਦ ਨਾਲ ਉਤਰੇਗੀ। ਭਾਰਤ ਨੇ ਰਾਜਕੋਟ ਵਿਚ ਪਹਿਲਾ ਟੈਸਟ ਮੈਚ ਪਾਰੀ ਤੇ 272 ਦੌੜਾਂ ਦੇ ਰਿਕਾਰਡ ਫਰਕ ਨਾਲ ਜਿੱਤਿਆ ਸੀ ਤੇ ਦੂਜੇ ਟੈਸਟ ਮੈਚ ਵਿਚ ਵੀ ਕਿਸੇ ਤਰ੍ਹਾਂ ਦਾ ਫਰਕ ਆਉਣ ਦੀ ਸੰਭਾਵਨਾ ਨਹੀਂ ਹੈ, ਜਿਸ ਵਿਚ ਫਿਰ ਤੋਂ ਭਾਰਤੀ ਬੱਲੇਬਾਜ਼ਾਂ ਦੀ ਤੂਤੀ ਬੋਲ ਸਕਦੀ ਹੈ। ਇਸ ਤੋਂ ਇਕ ਹੋਰ ਇਕਤਰਫਾ ਮੁਕਾਬਲਾ ਤੈਅ ਲੱਗ ਰਿਹਾ ਹੈ। ਉਥੇ ਹੀ ਵਿੰਡੀਜ਼ ਦਾ ਕਪਤਾਨ ਜੈਸਨ ਹੋਲਡਰ ਅਜੇ ਸੌ ਫੀਸਦੀ ਫਿੱਟ ਨਹੀਂ ਹੈ, ਜਦਕਿ ਤੇਜ਼ ਗੇਂਦਬਾਜ਼ ਸ਼ੈਨਨ ਗੈਬ੍ਰੀਏਲ ਦਾ ਵੀ ਖੇਡਣਾ ਸ਼ੱਕੀ ਹੈ।
ਚੰਗੀ ਕ੍ਰਿਕਟ ਨਹੀਂ ਖੇਡ ਪਾ ਰਹੀ ਵੈਸਟਇੰਡੀਜ਼ ਦੀ ਟੀਮ
ਦੂਜੇ ਪਾਸੇ ਭਾਰਤ ਨੇ ਪਹਿਲਾ ਟੈਸਟ ਮੈਚ 3 ਦਿਨਾਂ ਵਿਚ ਜਿੱਤਣ ਵਾਲੀ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ। ਵੈਸੇ ਭਾਰਤ ਲਈ ਆਸਟਰੇਲੀਆ ਦੌਰੇ ਨੂੰ ਧਿਆਨ ਵਿਚ ਰੱਖਦੇ ਹੋਏ ਇਕਲੌਤਾ ਮੁਕਾਬਲਾ ਆਦਰਸ਼ ਨਹੀਂ ਕਿਹਾ ਜਾਵੇਗਾ। ਇਸ ਤੋਂ ਪਹਿਲਾਂ 2011 ਵਿਚ ਭਾਰਤ ਨੇ ਵਿੰਡੀਜ਼ ਨੂੰ ਇਕਤਰਫਾ ਲੜੀ ਵਿਚ 2-0 ਨਾਲ ਹਰਾਇਆ ਸੀ ਪਰ ਇਸ ਤੋਂ ਬਾਅਦ ਆਸਟਰੇਲੀਆ ਦੌਰੇ ਵਿਚ ਉਸ ਨੂੰ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਤਰ੍ਹਾਂ 2013 ਵਿਚ ਵੀ ਭਾਰਤ ਨੇ ਦੋਵੇਂ ਟੈਸਟ ਮੈਚ 3-3 ਦਿਨ ਦੇ ਅੰਦਰ ਜਿੱਤ ਲਏ ਸਨ ਪਰ ਇਸ ਤੋਂ ਬਾਅਦ ਦੱਖਣੀ ਅਫਰੀਕਾ ਦੇ ਦੌਰੇ ਵਿਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਖਰਾਬ ਦੌਰ ਵਿਚੋਂ ਲੰਘ ਰਹੀ ਵੈਸਟਇੰਡੀਜ਼ ਦੀ ਟੀਮ ਭਾਰਤੀ ਟੀਮ ਨੂੰ ਲੋੜੀਂਦੀ ਚੁਣੌਤੀ ਨਹੀਂ ਦੇ ਸਕੀ। ਭਾਰਤ ਵੈਸੇ ਵੀ ਆਪਣੀ ਧਰਤੀ 'ਤੇ ਚੰਗਾ ਪ੍ਰਦਰਸ਼ਨ ਕਰਦਾ ਰਿਹਾ ਹੈ।
ਵੈਸਟਇੰਡੀਜ਼ ਦੀ ਗੇਂਦਬਾਜ਼ੀ ਬੇਦਮ, ਵੱਡਾ ਸਕੋਰ ਬਣਾਏਗਾ ਭਾਰਤ
ਇਸ ਤਰ੍ਹਾਂ ਦੇ ਮੁਕਾਬਲੇ ਵਿਚ ਕਿਸੇ ਵੀ ਖਿਡਾਰੀ ਲਈ ਖੁਦ ਨੂੰ ਉਤਸ਼ਾਹਿਤ ਕਰਨਾ ਚੁਣੌਤੀ ਹੁੰਦੀ ਹੈ ਤੇ ਕਪਤਾਨ ਵਿਰਾਟ ਕੋਹਲੀ ਨੇ ਪਿਛਲੇ ਮੈਚ ਵਿਚ 139 ਦੌੜਾਂ ਬਣਾ ਕੇ ਦਿਖਾਇਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਮੈਚ ਵਿਚ ਆਪਣਾ ਸਰਵਸ੍ਰੇਸ਼ਠ ਦੇਣ ਲਈ ਤਿਆਰ ਹੈ। 18 ਸਾਲਾ ਪ੍ਰਿਥਵੀ ਸ਼ਾਹ ਨੇ ਡੈਬਿਊ ਟੈਸਟ ਵਿਚ ਸੈਂਕੜਾ ਲਾ ਕੇ ਉਮੀਦਾਂ ਮੁਤਾਬਕ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਕੋਹਲੀ ਦੀ ਪਾਰੀ ਇਸ ਲਈ ਬੇਜੋੜ ਸੀ ਕਿਉਂਕਿ ਇਸ ਨਾਲ ਉਸ ਨੇ ਦਿਖਾਇਆ ਸੀ ਕਿ ਕਿਸ ਤਰ੍ਹਾਂ ਨਾਲ ਇਕ ਹੋਰ ਤਰ੍ਹਾਂ ਦੀ ਚੁਣੌਤੀ ਲਈ ਖੁਦ ਨੂੰ ਤਿਆਰ ਕਰਨਾ ਚਾਹੀਦਾ ਹੈ। ਵਿੰਡੀਜ਼ ਦੀ ਗੇਂਦਬਾਜ਼ੀ ਦੀ ਤੁਲਨਾ ਭਾਰਤ ਦੀ ਕਿਸੇ ਕਮਜ਼ੋਰ ਪਹਿਲੀ ਸ਼੍ਰੇਣੀ ਟੀਮ ਨਾਲ ਕੀਤੀ ਜਾ ਸਕਦੀ ਹੈ। ਉਹ ਬੇਦਮ ਹੈ ਤੇ ਇਸ ਲਈ ਭਾਰਤੀਆਂ ਨੂੰ ਫਿਰ ਤੋਂ ਵੱਡਾ ਸਕੋਰ ਖੜ੍ਹਾ ਕਰਨ ਵਿਚ ਮੁਸ਼ਕਿਲ ਨਹੀਂ ਆਉਣੀ ਚਾਹੀਦੀ ਜਦਕਿ ਪਿੱਚ ਵੀ ਇਸਦੇ ਅਨੁਸਾਰ ਲੱਗਦੀ ਹੈ।
ਰਹਾਨੇ ਦੀ ਫਾਰਮ ਚਿੰਤਾ ਦਾ ਵਿਸ਼ਾ
ਭਾਰਤ ਲਈ ਇਕਲੌਤਾ ਵਿਸ਼ਾ ਅਜਿੰਕਯ ਰਹਾਨੇ ਦੀ ਫਾਰਮ ਹੈ, ਜਿਹੜਾ ਪਿਛਲੇ 14 ਮਹੀਨਿਆਂ ਤੋਂ ਟੈਸਟ ਮੈਚਾਂ ਵਿਚ ਸੈਂਕੜਾ ਨਹੀਂ ਲਾ ਸਕਿਆ। ਉਹ ਆਸਟਰੇਲੀਆ ਲੜੀ ਤੋਂ ਪਹਿਲਾਂ ਫਾਰਮ ਵਿਚ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਕੇ. ਐੱਲ. ਰਾਹੁਲ ਲਗਾਤਾਰ ਮਾੜਾ ਪ੍ਰਦਰਸ਼ਨ ਕਰ ਰਿਹਾ ਹੈ ਪਰ ਉਸ ਨੂੰ ਇਸ ਮੈਚ ਵਿਚ ਬਣਾਈ ਰੱਖਣ ਦਾ ਮਤਲਬ ਹੈ ਕਿ ਭਾਰਤ ਆਸਟਰੇਲੀਆ ਵਿਰੁੱਧ 6 ਦਸੰਬਰ ਤੋਂ ਐਡੀਲੇਡ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਵਿਚ ਰਾਹੁਲ-ਸ਼ਾਹ ਦੀ ਸਲਾਮੀ ਜੋੜੀ ਨਾਲ ਉਤਰਨਾ ਚਾਹੁੰਦਾ ਹੈ।
ਬੱਲੇਬਾਜ਼ਾਂ ਨੂੰ ਸਬਰ ਰੱਖਣ ਦੀ ਲੋੜ : ਸ਼ਾਰਦੁਲ ਠਾਕੁਰ ਫਿਰ ਤੋਂ 12ਵੇਂ ਖਿਡਾਰੀ ਦੀ ਭੂਮਿਕਾ ਨਿਭਾਏਗਾ। ਮੁਹੰਮਦ ਸ਼ੰਮੀ ਤੇ ਉਮੇਸ਼ ਯਾਦਵ ਵੀ ਇਸ ਮੌਕੇ ਦਾ ਫਾਇਦਾ ਚੁੱਕਣਾ ਚਾਹੁਣਗੇ ਕਿਉਂਕਿ ਉਨ੍ਹਾਂ ਨੂੰ ਵਨ ਡੇ ਟੀਮ ਵਿਚ ਜਗ੍ਹਾ ਮਿਲਣ ਦੀ ਸੰਭਾਵਨਾ ਨਹੀਂ ਹੈ। ਜਿੱਥੋਂ ਤਕ ਵਿੰਡੀਜ਼ ਦਾ ਸਵਾਲ ਹੈ ਤਾਂ ਉਹ ਭਾਰਤ ਨੂੰ ਕੁਝ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਪਹਿਲੇ ਟਸਟ ਮੈਚ ਵਿਚ ਸਿਰਫ ਕੀਰੋਨ ਪਾਵੈਲ ਤੇ ਰੋਸਟਨ ਚੇਜ ਹੀ ਭਾਰਤੀ ਹਮਲੇ ਦਾ ਕੁਝ ਦੇਰ ਤਕ ਸਾਹਮਣਾ ਕਰ ਸਕੇ ਸਨ। ਉਸਦੇ ਬੱਲੇਬਾਜ਼ਾਂ ਨੂੰ ਸਬਰ ਰੱਖਣ ਦੀ ਲੋੜ ਹੈ, ਜਿਹੜਾ ਕਿ ਪਹਿਲੇ ਮੈਚ ਵਿਚ ਨਹੀਂ ਦਿਸਿਆ ਸੀ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ : ਵਿਰਾਟ ਕੋਹਲੀ (ਕਪਤਾਨ), ਪ੍ਰਿਥਵੀ ਸ਼ਾਹ, ਕੇ. ਐੱਲ. ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਰਿਸ਼ਭ ਪੰਤ (ਵਿਕਟਕੀਪਰ), ਆਰ. ਅਸ਼ਵਿਨ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਉਮੇਸ਼ ਯਾਦਵ, ਮੁਹੰਮਦ ਸ਼ੰਮੀ, ਸ਼ਾਰਦੁਲ ਠਾਕੁਰ।
ਵਿੰਡੀਜ਼ : ਜੈਸਨ ਹੋਲਡਰ (ਕਪਤਾਨ), ਸੁਨੀਲ ਐਮਬ੍ਰਿਸ, ਦੇਵੇਂਦ੍ਰ ਵਿਸ਼ੂ, ਕ੍ਰੇਗ ਬ੍ਰੈਥਵੇਟ, ਰੋਸਟਨ ਚੇਜ, ਸ਼ੇਨ ਡੌਓਰਿਚ, ਸ਼ੈਨਨ ਗੈਬ੍ਰੀਏਲ, ਜਮਹਰ ਹੈਮਿਲਟਨ, ਸ਼ਿਮਰੋਨ ਹੇਟਮਾਯਰ, ਸ਼ਾਈ ਹੋਪ, ਅਲਕਾਰੀ ਜੋਸੇਫ, ਕੀਮੋ ਪੌਲ, ਕੀਰੋਨ ਪਾਵੈਲ, ਕੇਮਰ ਰੋਚ ਤੇ ਜੋਮੇਲ ਵਾਰਿਕਨ।