ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿੱਤਿਆ ਖਿਤਾਬ

Sunday, Aug 25, 2024 - 02:34 PM (IST)

ਨਵੀਂ ਦਿੱਲੀ- ਭਾਰਤੀ ਖਿਡਾਰਨ ਤਨਵੀ ਪਤਰੀ ਨੇ ਚੀਨ ਦੇ ਚੇਂਗਦੂ 'ਚ ਐਤਵਾਰ ਨੂੰ ਖੇਡੇ ਗਏ ਫਾਈਨਲ 'ਚ ਵੀਅਤਨਾਮ ਦੀ ਥੀ ਥੂ ਹੁਏਨ ਗੁਏਨ ਨੂੰ ਸਿੱਧੇ ਗੇਮਾਂ 'ਚ ਹਰਾ ਕੇ ਬੈਡਮਿੰਟਨ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ 'ਚ ਅੰਡਰ-15 ਵਰਗ 'ਚ ਲੜਕੀਆਂ ਦਾ ਸਿੰਗਲ ਖਿਤਾਬ ਜਿੱਤਿਆ।
ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਵਿੱਚ ਆਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ। ਇਸ ਜਿੱਤ ਦੇ ਨਾਲ ਤਨਵੀ ਸਾਮੀਆ ਇਮਾਦ ਫਾਰੂਕੀ ਅਤੇ ਤਸਨੀਮ ਮੀਰ ਨਾਲ ਜੁੜ ਗਈ, ਜਿਨ੍ਹਾਂ ਨੇ ਕ੍ਰਮਵਾਰ 2017 ਅਤੇ 2019 ਵਿੱਚ ਅੰਡਰ-15 ਲੜਕੀਆਂ ਦਾ ਸਿੰਗਲ ਖਿਤਾਬ ਜਿੱਤਿਆ ਸੀ।

ਤਨਵੀ ਨੇ ਪੂਰੇ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਅਤੇ ਪੰਜ ਮੈਚਾਂ ਵਿੱਚ ਇੱਕ ਵੀ ਗੇਮ ਨਹੀਂ ਹਾਰੀ। ਫਾਈਨਲ ਦੀ ਪਹਿਲੀ ਗੇਮ 'ਚ ਤਨਵੀ ਇਕ ਸਮੇਂ 11-17 ਨਾਲ ਪਿੱਛੇ ਚੱਲ ਰਹੀ ਸੀ ਪਰ ਇਸ ਤੋਂ ਬਾਅਦ ਵੀਅਤਨਾਮੀ ਖਿਡਾਰਨ ਨੇ ਕਈ ਗਲਤੀਆਂ ਕੀਤੀਆਂ, ਜਿਸ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਖਿਡਾਰਨ ਪਹਿਲੀ ਗੇਮ ਜਿੱਤਣ 'ਚ ਸਫਲ ਰਹੀ। ਤਨਵੀ ਨੇ ਦੂਜੀ ਗੇਮ ਵਿੱਚ ਆਪਣੀ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਇਸ ਮੁਕਾਬਲੇ ਵਿੱਚ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ। ਗਿਆਨ ਦੱਤੂ ਟੀਟੀ ਨੇ ਸ਼ਨੀਵਾਰ ਨੂੰ ਅੰਡਰ-17 ਵਰਗ 'ਚ ਲੜਕਿਆਂ ਦੇ ਸਿੰਗਲ ਮੁਕਾਬਲੇ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ।


Aarti dhillon

Content Editor

Related News