T20I Tri-Series : ਮੰਧਾਨਾ, ਹਰਮਨਪ੍ਰੀਤ ਦੇ ਅਰਧ ਸੈਂਕੜਿਆਂ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤੀ ਮਾਤ
Tuesday, Jan 24, 2023 - 02:26 PM (IST)

ਸਪੋਰਟਸ ਡੈਸਕ : ਸਮ੍ਰਿਤੀ ਮੰਧਾਨਾ (74*) ਅਤੇ ਕਪਤਾਨ ਹਰਮਨਪ੍ਰੀਤ ਕੌਰ (56*) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਸੋਮਵਾਰ ਨੂੰ ਦੱਖਣੀ ਅਫਰੀਕਾ ਮਹਿਲਾ ਟੀ-20 ਅੰਤਰਰਾਸ਼ਟਰੀ ਟਰਾਈ ਸੀਰੀਜ਼ ਦੇ ਤੀਜੇ ਮੈਚ ਵਿੱਚ ਵੈਸਟਇੰਡੀਜ਼ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਈਸਟ ਲੰਡਨ ਦੇ ਬਫੇਲੋ ਪਾਰਕ ’ਚ ਖੇਡੇ ਗਏ ਮੈਚ ’ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ’ਚ 4 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਜਵਾਬ ’ਚ ਕੈਰੇਬੀਆਈ ਟੀਮ 20 ਓਵਰਾਂ ’ਚ 4 ਵਿਕਟਾਂ ਗੁਆ ਕੇ 111 ਦੌੜਾਂ ਹੀ ਬਣਾ ਸਕੀ। ਸਮ੍ਰਿਤੀ ਮੰਧਾਨਾ ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਭਾਰਤ ਵੱਲੋਂ ਦਿੱਤੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਟੀਮ ਸਪਿਨਰਾਂ ਦੇ ਸਾਹਮਣੇ ਬੈਕਫੁੱਟ ’ਤੇ ਨਜ਼ਰ ਆਈ। ਭਾਰਤ ਦੀ ਦੀਪਤੀ ਸ਼ਰਮਾ ਨੇ ਵੈਸਟਇੰਡੀਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਬ੍ਰਿਟਨੀ ਕੂਪਰ ਅਤੇ ਰਸ਼ਾਦਾ ਵਿਲੀਅਮਜ਼ (8) ਨੂੰ ਆਪਣਾ ਸ਼ਿਕਾਰ ਬਣਾਇਆ। ਕੂਪਰ ਨੂੰ ਦੀਪਤੀ ਨੇ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ ਅਤੇ ਪਹਿਲੀ ਹੀ ਗੇਂਦ ’ਤੇ ਐੱਲਬੀਡਬਲਿਊ ਆਊਟ ਕੀਤਾ। ਦੀਪਤੀ ਨੇ ਵਿਲੀਅਮਜ਼ ਨੂੰ ਸਟੰਪ ਕੀਤਾ। ਜਲਦੀ ਹੀ ਰਾਜੇਸ਼ਵਰੀ ਗਾਇਕਵਾੜ ਨੇ ਸ਼ਬੀਕਾ ਗਜ਼ਨਬੀ (3) ਨੂੰ ਐਲਬੀਡਬਲਿਊ ਆਊਟ ਕਰ ਕੇ ਵੈਸਟਇੰਡੀਜ਼ ਨੂੰ ਤੀਜਾ ਝਟਕਾ ਦਿੱਤਾ।
ਸ਼ੇਮੇਨ ਕੈਂਪਬੇਲ (47) ਅਤੇ ਕਪਤਾਨ ਹੇਲੀ ਮੈਥਿਊਜ਼ (34*) ਨੇ ਚੌਥੇ ਵਿਕਟ ਲਈ 71 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਦੋਵਾਂ ਨੇ 67 ਗੇਂਦਾਂ ਵਿਚ 71 ਦੌੜਾਂ ਜੋੜੀਆਂ। ਰਾਧਾ ਯਾਦਵ ਨੇ ਕੈਂਪਬੇਲ ਨੂੰ ਅਮਨਜੋਤ ਕੌਰ ਹੱਥੋਂ ਕੈਚ ਆਊਟ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਕੈਂਪਬੈਲ ਨੇ 57 ਗੇਂਦਾਂ ਵਿਚ 5 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਵੈਸਟਇੰਡੀਜ਼ ਦੀ ਟੀਮ 20 ਓਵਰਾਂ ਵਿਚ 111 ਦੌੜਾਂ ਹੀ ਬਣਾ ਸਕੀ। ਭਾਰਤ ਲਈ ਦੀਪਤੀ ਸ਼ਰਮਾ ਨੇ ਸਭ ਤੋਂ ਵੱਧ ਦੋ ਜਦਕਿ ਰਾਜੇਸ਼ਵਰੀ ਗਾਇਕਵਾੜ ਅਤੇ ਰਾਧਾ ਯਾਦਵ ਨੇ ਇਕ-ਇਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਭਾਰਤ ਨੇ ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਆਧਾਰ ’ਤੇ 167/2 ਦਾ ਸਕੋਰ ਬਣਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੰਧਾਨਾ ਅਤੇ ਯਸਤਿਕਾ ਭਾਟੀਆ (18) ਨੇ 33 ਦੌੜਾਂ ਦੀ ਸਾਂਝੇਦਾਰੀ ਕਰਕੇ ਸ਼ਾਨਦਾਰ ਸੁਰੂਆਤ ਕੀਤੀ। ਰਾਮਹਰਾਕ ਨੇ ਭਾਟੀਆ ਨੂੰ ਵਿਕਟਕੀਪਰ ਵਿਲੀਅਮਜ਼ ਹੱਥੋਂ ਕੈਚ ਆਊਟ ਕਰਵਾ ਕੇ ਸਾਂਝੇਦਾਰੀ ਤੋੜੀ। ਇੱਥੋਂ ਮੰਧਾਨਾ ਨੇ ਹਰਲੀਨ ਦਿਓਲ (12) ਨਾਲ ਮਿਲ ਕੇ ਸਕੋਰ ਨੂੰ 50 ਦੌੜਾਂ ਤੋਂ ਪਾਰ ਕਰ ਦਿੱਤਾ। ਬਰੂਸ ਨੇ ਦਿਓਲ ਨੂੰ ਐਲਬੀਡਬਲਿਊ ਆਊਟ ਕਰ ਕੇ ਭਾਰਤ ਨੂੰ ਇਕ ਹੋਰ ਝਟਕਾ ਦਿੱਤਾ। ਇਸ ਤੋਂ ਬਾਅਦ ਮੰਧਾਨਾ ਅਤੇ ਹਰਮਨਪ੍ਰੀਤ ਕੌਰ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਤੀਜੀ ਵਿਕਟ ਲਈ 115 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਚੰਗੀ ਗੱਲ ਇਹ ਰਹੀ ਕਿ ਇਸ ਜੋੜੀ ਨੇ ਸਿਰਫ 70 ਗੇਂਦਾਂ ਵਿਚ 115 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਮੰਧਾਨਾ 51 ਗੇਂਦਾਂ ਵਿਚ 10 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 74 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਹੀ। ਉੱਥੇ ਹੀ ਕਪਤਾਨ ਹਰਮਨਪ੍ਰੀਤ ਕੌਰ ਨੇ 35 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ ਨਾਬਾਦ 56 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਰਾਮਹਰਾਕ ਅਤੇ ਸ਼ਨੀਕਾ ਬਰੂਸ ਨੂੰ ਇਕ-ਇਕ ਸਫਲਤਾ ਮਿਲੀ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 27 ਦੌੜਾਂ ਨਾਲ ਹਰਾਇਆ ਸੀ। ਹੁਣ ਭਾਰਤ ਆਪਣਾ ਅਗਲਾ ਮੈਚ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਖੇਡੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।