T20 WC : ਅਫਗਾਨਿਸਤਾਨ ਨੇ ਪਾਪੂਆ ਨਿਊ ਗਿਨੀ ਨੂੰ ਹਰਾ ਕੇ ਸੁਪਰ ਅੱਠ ''ਚ ਬਣਾਈ ਥਾਂ

Friday, Jun 14, 2024 - 11:25 AM (IST)

ਟਰੂਬਾ : ਫਜ਼ਲਹਕ ਫਾਰੂਕੀ ਅਤੇ ਨਵੀਨ ਉਲ ਹੱਕ ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਗੁਲਬਦੀਨ ਨਾਇਬ ਨਾਟ ਆਊਟ (46) ਦੀ ਸ਼ਾਨਦਾਰ ਪਾਰੀ ਦੀ ਬਦੌਲਤ ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ ਦੇ 29ਵੇਂ ਮੈਚ 'ਚ ਪਾਪੂਆ ਨਿਊ ਗਿਨੀ ਨੂੰ 7 ਵਿਕਟਾਂ ਨਾਲ ਹਰਾ ਕੇ ਸੁਪਰ ਅੱਠ 'ਚ ਪ੍ਰਵੇਸ਼ ਕਰ ਲਿਆ ਹੈ।
ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ 'ਚ ਅਫਗਾਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ ਪਾਪੂਆ ਨਿਊ ਗਿਨੀ ਨੂੰ 19.5 ਓਵਰਾਂ 'ਚ 95 ਦੌੜਾਂ 'ਤੇ ਆਊਟ ਕਰ ਦਿੱਤਾ। ਪਾਪੂਆ ਨਿਊ ਗਿਨੀ ਲਈ ਕਿਪਲਿਨ ਡੋਰਿਗਾ ਨੇ ਸਭ ਤੋਂ ਵੱਧ ਦੌੜਾਂ (27) ਬਣਾਈਆਂ। ਆਲੇਈ ਨਾਓ (13) ਅਤੇ ਟੋਨੀ ਓਰਾ (11) ਦੌੜਾਂ ਬਣਾ ਕੇ ਆਊਟ ਹੋ ਗਏ। ਅੱਠ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਅਫਗਾਨਿਸਤਾਨ ਲਈ ਫਜ਼ਲਹਕ ਫਾਰੂਕੀ ਨੇ ਤਿੰਨ ਵਿਕਟਾਂ ਲਈਆਂ। ਨਵੀਨ ਉਲ ਹੱਕ ਨੇ ਦੋ ਵਿਕਟਾਂ ਹਾਸਲ ਕੀਤੀਆਂ। ਨੂਰ ਅਹਿਮਦ ਨੇ ਇਕ ਬੱਲੇਬਾਜ਼ ਨੂੰ ਆਊਟ ਕੀਤਾ।
96 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੇ ਦੂਜੇ ਹੀ ਓਵਰ ਵਿੱਚ ਇਬਰਾਹਿਮ ਜ਼ਾਦਰਾਨ (0) ਦਾ ਵਿਕਟ ਗੁਆ ਬੈਠਾ। ਰਹਿਮਾਨਉੱਲ੍ਹਾ ਗੁਰਬਾਜ਼ (11) ਤੀਜੇ ਓਵਰ ਵਿੱਚ 11 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਅਜਿਹੇ ਸਮੇਂ ਗੁਲਬਦੀਨ ਨਾਇਬ ਅਤੇ ਅਜ਼ਮਤੁੱਲਾ ਉਮਰਜ਼ਈ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਨੌਵੇਂ ਓਵਰ ਵਿੱਚ ਨਾਰਮਨ ਵਾਨੁਆ ਨੇ ਅਜ਼ਮਤੁੱਲਾ ਉਮਰਜ਼ਈ (13) ਨੂੰ ਬੋਲਡ ਕਰਕੇ ਅਫਗਾਨਿਸਤਾਨ ਨੂੰ ਤੀਜਾ ਝਟਕਾ ਦਿੱਤਾ।
ਗੁਲਬਦੀਨ ਨਾਇਬ ਨੇ 36 ਗੇਂਦਾਂ 'ਤੇ ਚਾਰ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 49 ਦੌੜਾਂ ਦੀ ਅਜੇਤੂ ਪਾਰੀ ਖੇਡੀ। ਮੁਹੰਮਦ ਨਬੀ 16 ਦੌੜਾਂ ਬਣਾ ਕੇ ਅਜੇਤੂ ਰਹੇ। ਅਫਗਾਨਿਸਤਾਨ ਨੇ 15.1 ਓਵਰਾਂ 'ਚ ਤਿੰਨ ਵਿਕਟਾਂ 'ਤੇ 101 ਦੌੜਾਂ ਬਣਾ ਕੇ ਸੱਤ ਵਿਕਟਾਂ ਨਾਲ ਮੈਚ ਜਿੱਤ ਲਿਆ। ਪਾਪੂਆ ਨਿਊ ਗਿਨੀ ਲਈ ਆਲੇਈ ਨਾਓ, ਸੇਮੋ ਕਾਮੇਆ ਅਤੇ ਨਾਰਮਨ ਵਾਨੁਆ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। ਇਸ ਜਿੱਤ ਨਾਲ ਅਫਗਾਨਿਸਤਾਨ ਸੁਪਰ-8 'ਚ ਪਹੁੰਚਣ ਵਾਲੀ ਗਰੁੱਪ ਸੀ 'ਚੋਂ ਦੂਜੀ ਟੀਮ ਬਣ ਗਈ ਹੈ ਅਤੇ ਨਿਊਜ਼ੀਲੈਂਡ ਨੂੰ ਟੂਰਨਾਮੈਂਟ 'ਚੋਂ ਬਾਹਰ ਕਰ ਦਿੱਤਾ ਹੈ। ਵੈਸਟਇੰਡੀਜ਼ ਦੀ ਟੀਮ ਇਸ ਗਰੁੱਪ ਤੋਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀ ਹੈ।


Aarti dhillon

Content Editor

Related News