T20 WC 2022 : ਆਸਟ੍ਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

Monday, Oct 31, 2022 - 08:35 PM (IST)

T20 WC 2022 : ਆਸਟ੍ਰੇਲੀਆ ਨੇ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਕਪਤਾਨ ਆਰੋਨ ਫਿੰਚ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਮਦਦ ਨਾਲ ਪਿਛਲੀ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨੇ ਸੋਮਵਾਰ ਨੂੰ ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਮੈਚ ਵਿਚ ਆਇਰਲੈਂਡ ਨੂੰ 42 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਹੀ ਆਸਟ੍ਰੇਲੀਆ ਗਰੁੱਪ-1 ਵਿਚ ਦੂਜੇ ਸਥਾਨ 'ਤੇ ਪੁੱਜ ਗਿਆ ਹੈ ਤੇ ਉਸ ਨੇ ਸੈਮੀਫਾਈਨਲ ਦੀ ਉਮੀਦ ਨੂੰ ਜਿਊਂਦਾ ਰੱਖਿਆ ਹੈ।

ਆਸਟ੍ਰੇਲੀਆ ਨੇ 20 ਓਵਰਾਂ 'ਚ ਪੰਜ ਵਿਕਟਾਂ 'ਤੇ 179 ਦੌੜਾਂ ਬਣਾਈਆਂ ਜਦਕਿ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਪਾਰੀ 18.1 ਓਵਰਾਂ ਵਿਚ 137 ਦੌੜਾਂ 'ਤੇ ਹੀ ਸਿਮਟ ਗਈ। ਇਸ ਵਿਸ਼ਵ ਕੱਪ ਵਿਚ ਦੋ ਵਾਰ ਉਲਟਫੇਰ ਕਰ ਚੁੱਕੀ ਆਇਰਲੈਂਡ ਦੀ ਟੀਮ ਆਸਟ੍ਰੇਲੀਆ ਦੇ ਸਾਹਮਣੇ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ। ਇਸ ਵਿਸ਼ਵ ਕੱਪ ਵਿਚ ਹੁਣ ਤਕ ਆਪਣੇ ਬੱਲੇ ਨਾਲ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਬੱਲਾ ਆਇਰਲੈਂਡ ਖ਼ਿਲਾਫ਼ ਵੀ ਚੁੱਪ ਹੀ ਰਿਹਾ ਤੇ ਉਹ ਇਕ ਵਾਰ ਮੁੜ ਸਸਤੇ ਵਿਚ ਆਊਟ ਹੋ ਗਏ। 

ਇਹ ਵੀ ਪੜ੍ਹੋ : IND vs SA : ਭਾਰਤ ਦੀ ਹਾਰ 'ਤੇ ਬੋਲੇ ਸ਼ੋਏਬ ਅਖਤਰ, ਇੰਡੀਆ ਨੇ ਸਾਨੂੰ ਮਰਵਾ ਦਿੱਤਾ

ਕਪਤਾਨ ਫਿੰਚ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਤੇ ਆਪਣੀ ਗੁਆਚੀ ਹੋਈ ਲੈਅ ਹਾਸਲ ਕਰ ਲਈ। ਫਿੰਚ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 38 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਆਸਟ੍ਰੇਲੀਆਈ ਕਪਤਾਨ ਦਾ ਅੱਠ ਪਾਰੀਆਂ ਵਿਚ ਇਹ ਪਹਿਲਾ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਹੈ। ਫਿੰਚ ਨੇ ਮਾਰਕਸ ਸਟੋਈਨਿਸ ਨਾਲ ਮਿਲ ਕੇ 70 ਦੌੜਾਂ ਦੀ ਭਾਈਵਾਲੀ ਕੀਤੀ ਜੋ ਸਿਰਫ਼ 36 ਗੇਂਦਾਂ ਵਿਚ ਬਣੀ, ਪਰ ਫਿੰਚ 17ਵੇਂ ਓਵਰ ਵਿਚ ਬੈਰੀ ਮੈਕਾਰਥੀ ਦਾ ਸ਼ਿਕਾਰ ਬਣੇ ਜਿਸ ਨਾਲ ਪਿਛਲੀ ਵਾਰ ਦੀ ਚੈਂਪੀਅਨ ਟੀਮ ਡੈੱਥ ਓਵਰਾਂ ਵਿਚ ਉਮੀਦ ਮੁਤਾਬਕ ਦੌੜਾਂ ਨਹੀਂ ਬਣਾ ਸਕੀ।

ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਪਾਵਰਪਲੇਅ ਵਿਚ ਹੀ ਟੀਮ ਦੀਆਂ ਪੰਜ ਵਿਕਟਾਂ ਡਿੱਗ ਗਈਆਂ। ਆਇਰਲੈਂਡ ਵੱਲੋਂ ਲਾਰਕਨ ਟਕਰ ਨੇ ਇਕ ਪਾਸੇ ਪਾਰੀ ਨੂੰ ਸੰਭਾਲੀ ਰੱਖਿਆ ਤੇ ਉਹ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਡਟੇ ਰਹੇ। ਉਨ੍ਹਾਂ ਨੇ ਅੰਤ ਤਕ ਉਮੀਦ ਬਣਾਈ ਰੱਖੀ ਪਰ ਦੂਜੇ ਪਾਸੇ ਤੋਂ ਉਨ੍ਹਾਂ ਨੂੰ ਕੋਈ ਸਹਿਯੋਗ ਨਹੀਂ ਮਿਲਿਆ। ਟਕਰ ਭਾਵੇਂ ਅਜੇਤੂ ਰਹੇ ਪਰ ਨਿਯਮਿਤ ਵਕਫ਼ੇ 'ਤੇ ਵਿਕਟਾਂ ਡਿੱਗਣ ਕਾਰਨ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News