ਟੀ-20 : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 76 ਦੌੜਾਂ ਨਾਲ ਹਰਾਇਆ

11/08/2019 8:37:58 PM

ਨੇਪੀਅਰ- ਡੇਵਿਡ ਮਲਾਨ (ਅਜੇਤੂ 103) ਤੇ ਕਪਤਾਨ ਇਯੋਨ ਮੋਰਗਨ (91) ਦੀਆਂ ਜ਼ਬਰਦਸਤ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਆਪਣੇ ਟੀ-20 ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਬਣਾਉਣ ਦੇ ਨਾਲ ਮੇਜ਼ਬਾਨ ਨਿਊਜ਼ੀਲੈਂਡ ਨੂੰ ਚੌਥੇ ਮੈਚ ਵਿਚ 76 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-2 ਦੀ ਬਰਾਬਰੀ ਹਾਸਲ ਕਰ ਲਈ ਹੈ। ਇੰਗਲਿਸ਼ ਬੱਲੇਬਾਜ਼ ਮਲਾਨ ਨੇ 48 ਗੇਂਦਾਂ ਵਿਚ ਸੈਂਕੜਾ ਬਣਾ ਕੇ ਆਪਣੀ ਟੀਮ ਲਈ ਟੀ-20 ਦਾ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦੀ ਉਪਲੱਬਧੀ ਵੀ ਆਪਣੇ ਨਾਂ ਕਰ ਲਈ ਹੈ। ਉਸ ਨੇ 51 ਗੇਂਦਾਂ 'ਤੇ 9 ਚੌਕੇ ਤੇ 6 ਛੱਕੇ ਲਾ ਕੇ 103 ਦੌੜਾਂ ਬਣਾਈਆਂ ਤੇ ਅਜੇਤੂ ਪਰਤਿਆ। ਉਸਦੇ ਨਾਲ ਮੋਰਗਨ ਨੇ 41 ਗੇਂਦਾਂ 'ਤੇ 7 ਚੌਕੇ ਤੇ 7 ਛੱਕਿਆਂ ਦੀ ਮਦਦ ਨਾਲ ਕਰੀਅਰ ਦੀ ਸਰਵਸ੍ਰੇਸ਼ਠ 91 ਦੌੜਾਂ ਦੀ ਪਾਰੀ ਖੇਡੀ ਪਰ ਆਪਣੇ ਸੈਂਕੜੇ ਤੋਂ 9 ਦੌੜਾਂ ਰਹਿ ਗਿਆ।

PunjabKesari

ਨਿਊਜ਼ੀਲੈਂਡ ਦੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮਹਿਮਾਨ ਟੀਮ ਇੰਗਲੈਂਡ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਤੇ ਨਿਰਧਾਰਿਤ 20 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ 'ਤੇ 241 ਦੌੜਾਂ ਦਾ ਸਕੋਰ ਖੜ੍ਹਾ ਕੀਤਾ, ਜਿਹੜਾ ਇੰਗਲੈਂਡ ਦੇ ਟੀ-20 ਇਤਿਹਾਸ ਦਾ ਵੀ ਸਰਵਉੱਚ ਸਕੋਰ ਹੈ। ਇੰਗਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਆਪਣੇ ਪਿਛਲੇ 230 ਦੌੜਾਂ ਦੇ ਸਰਵਉੱਚ ਸਕੋਰ ਨੂੰ ਪਿੱਛੇ ਛੱਡ ਦਿੱਤਾ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ 16.5 ਓਵਰਾਂ ਵਿਚ 165 ਦੌੜਾਂ 'ਤੇ ਹੀ ਢੇਰ ਹੋ ਗਈ।
ਮੋਰਗਨ ਤੇ ਮਲਾਨ ਨੇ ਤੀਜੀ ਵਿਕਟ ਲਈ 182 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਹੜੀ  ਟੀ-20 ਇਹਾਸ ਵਿਚ ਚੌਥੀ ਸਭ ਤੋਂ ਵੱਡੀ ਹੈ ਤੇ ਤੀਜੀ ਵਿਕਟ 'ਤੇ ਸਭ ਤੋਂ ਵੱਡੀ ਸਾਂਝੇਦਾਰੀ ਵੀ ਹੈ। ਦੋਵੇਂ ਟੀਮਾਂ ਹੁਣ 2-2 ਦੀ ਬਰਾਬਰੀ 'ਤੇ ਪਹੁੰਚ ਗਈਆਂ ਹਨ ਤੇ ਫੈਸਲਾਕੁੰਨ ਮੈਚ ਆਕਲੈਂਡ ਵਿਚ ਐਤਵਾਰ ਨੂੰ ਖੇਡਿਆ ਜਾਵੇਗਾ।


Gurdeep Singh

Content Editor

Related News