T20: ਸੁਪਰਨੋਵਾਜ਼ ਨੇ ਵੇਲੋਸਿਟੀ ਨੂੰ 12 ਦੌੜਾਂ ਨਾਲ ਹਰਾਇਆ

Thursday, May 09, 2019 - 11:30 PM (IST)

T20: ਸੁਪਰਨੋਵਾਜ਼ ਨੇ ਵੇਲੋਸਿਟੀ ਨੂੰ 12 ਦੌੜਾਂ ਨਾਲ ਹਰਾਇਆ

ਜੈਪੁਰ- ਜੇਮਿਮਾ ਰੋਡ੍ਰਿਗਜ਼ ਦੇ ਅਜੇਤੂ ਅਰਧ ਸੈਂਕੜੇ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੁਪਰਨੋਵਾਜ਼ ਨੇ ਮਹਿਲਾ ਟੀ-20 ਚੈਲੰਜ ਦੇ ਆਖਰੀ ਲੀਗ ਮੈਚ ਵਿਚ ਵੇਲੋਸਿਟੀ ਨੂੰ 12 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ।
ਵੇਲੋਸਿਟੀ ਦੀ ਟੀਮ ਵੀ ਹਾਰ ਦੇ ਬਾਵਜੂਦ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਹੀ, ਜਦਕਿ ਟ੍ਰੇਲਬਲੇਜ਼ਰਸ ਦੀ ਟੀਮ ਬਾਹਰ ਹੋ ਗਈ। ਤਿੰਨੇ ਹੀ ਟੀਮਾਂ ਦੇ ਦੋ-ਦੋ ਮੈਚਾਂ ਵਿਚੋਂ ਇਕ-ਇਕ ਜਿੱਤ ਨਾਲ 2-2 ਅੰਕ ਰਹੇ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਸੁਪਰਨੋਵਾਜ਼ ਦੀ ਟੀਮ ਚੋਟੀ 'ਤੇ ਰਹੀ, ਜਦਕਿ ਵੇਲੋਸਿਟੀ ਨੇ ਦੂਜੇ ਸਥਾਨ 'ਤੇ ਰਹਿੰਦਿਆਂ ਫਾਈਨਲ ਵਿਚ ਜਗ੍ਹਾ ਬਣਾਈ, ਜਿਹੜਾ 11 ਮਈ ਨੂੰ ਇੱਥੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਹੀ ਖੇਡਿਆ ਜਾਵੇਗਾ।
ਸੁਪਰਨੋਵਾਜ਼ ਦੀਆਂ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੇਲੋਸਿਟੀ ਦੀ ਟੀਮ ਡੇਨੀਅਲ ਵਾਟ (43) ਤੇ ਕਪਤਾਨ ਮਿਤਾਲੀ ਰਾਜ (ਅਜੇਤੂ 40) ਦੀਆਂ ਪਾਰੀਆਂ ਦੇ ਬਾਵਜੂਦ ਤਿੰਨ ਵਿਕਟਾਂ 'ਤੇ 130 ਦੌੜਾਂ ਹੀ ਬਣਾ ਸਕੀ। ਟੀਮ ਨੂੰ ਹਾਲਾਂਕਿ ਮਿਤਾਲੀ ਤੇ ਵੇਦਾ ਕ੍ਰਿਸ਼ਣਾਮੂਰਤੀ (ਅਜੇਤੂ30) ਦੀ ਹੌਲੀ ਬੱਲੇਬਾਜ਼ੀ ਦਾ ਖਮਿਆਜ਼ਾ ਭੁਗਤਣਾ ਪਿਆ। 
ਸੁਪਰਨੋਵਾਜ਼ ਨੇ ਇਸ ਤੋਂ ਪਹਿਲਾਂ ਜੇਮਿਮਾ ਦੀਆਂ ਅਜੇਤੂ 77 ਦੌੜਾਂ ਦੀ ਬਦੌਲਤ 3 ਵਿਕਟਾਂ 'ਤੇ 142 ਦੌੜਾਂ ਬਣਾਈਆਂ ਸਨ। ਜੇਮਿਮਾ ਨੇ 48 ਗੇਂਦਾਂ 'ਤੇ 10 ਚੌਕੇ ਤੇ ਇਕ ਛੱਕਾ ਲਾਇਆ ਸੀ।


author

Gurdeep Singh

Content Editor

Related News