T-20 World Cup : ਇੰਗਲੈਂਡ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

Saturday, Oct 23, 2021 - 11:13 PM (IST)

T-20 World Cup : ਇੰਗਲੈਂਡ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

ਦੁਬਈ (ਭਾਸ਼ਾ)–ਮੋਇਨ ਅਲੀ ਤੇ ਆਦਿਲ ਰਾਸ਼ਿਦ ਦੇ ਬੁਣੇ ਫਿਰਕੀ ਦੇ ਜਾਲ ਵਿਚ ਵੈਸਟਇੰਡੀਜ਼ ਦੇ ਬੱਲੇਬਾਜ਼ ਫਸ ਗਏ ਤੇ ਇੰਗਲੈਂਡ ਨੇ ਸਾਬਕਾ ਚੈਂਪੀਅਨ ਟੀਮ ਨੂੰ ਟੀ-20 ਵਿਸ਼ਵ ਕੱਪ ਸੁਪਰ-12 ਗੇੜ ਦੇ ਪਹਿਲੇ ਮੈਚ ਵਿਚ ਸ਼ਨੀਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਹ ਮੁਕਾਬਲਾ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਤੇ ਇੰਗਲੈਂਡ ਦੇ ਗੇਂਦਬਾਜ਼ਾਂ ਵਿਚਾਲੇ ਦੱਸਿਆ ਜਾ ਰਿਹਾ ਸੀ ਪਰ ਦੁਨੀਆ ਭਰ ’ਚ ਟੀ-20 ਲੀਗਜ਼ ’ਚ ਧਮਾਲ ਮਚਾਉਣ ਵਾਲੇ ਕੈਰੇਬੀਆਈ ਬੱਲੇਬਾਜ਼ਾਂ ਨੇ ਬੇਹੱਦ ਨਿਰਾਸ਼ ਕੀਤਾ। ਪੂਰੀ ਟੀਮ 15 ਓਵਰਾਂ ਦੇ ਅੰਦਰ 55 ਦੌੜਾਂ ’ਤੇ ਸਿਮਟ ਗਈ। ਕੈਰੇਬੀਆਈ ਬੱਲੇਬਾਜ਼ ਵੱਡੀਆਂ ਸ਼ਾਟਾਂ ਖੇਡਣ ਦੀ ਕੋਸ਼ਿਸ਼ ’ਚ ਵਿਕਟਾਂ ਗੁਆਉਂਦੇ ਗਏ। ਉਹ ਕ੍ਰਿਕਟ ਦੇ ਮੂਲ ਸਿਧਾਂਤ ਨੂੰ ਭੁੱਲ ਗਏ ਕਿ ਜਦੋਂ ਚੌਕੇ-ਛੱਕੇ ਲਾਉਣਾ ਮੁਸ਼ਕਿਲ ਹੋਵੇ ਤਾਂ ਸਟ੍ਰਾਈਕ ਰੋਟੇਟ ਕਰਨਾ ਜ਼ਰੂਰੀ ਹੈ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਕਾਫੀ ਅਨੁਸ਼ਾਸਿਤ ਪ੍ਰਦਰਸ਼ਨ ਕੀਤਾ। ਵੈਸਟਇੰਡੀਜ਼ ਦੀ ਟੀਮ ਆਪਣੇ ਦੂਜੇ ਘੱਟ ਤੋਂ ਘੱਟ ਟੀ-20 ਸਕੋਰ ’ਤੇ ਆਊਟ ਹੋ ਗਈ। ਉਸ ਦਾ ਘੱਟ ਤੋਂ ਘੱਟ ਟੀ-20 ਸਕੋਰ 45 ਦੌੜਾਂ ਰਿਹਾ, ਜਿਹੜਾ 2019 ਵਿਚ ਇੰਗਲੈਂਡ ਵਿਰੁੱਧ ਹੀ ਬਣਿਆ ਸੀ। ਟੀ-20 ਵਿਸ਼ਵ ਕੱਪ ਵਿਚ ਇਹ 39 ਤੇ 44 (ਦੋਵੇਂ ਨੀਦਰਲੈਂਡ) ਤੋਂ ਬਾਅਦ ਤੀਜਾ ਘੱਟ ਸਕੋਰ ਹੈ।

ਇਹ ਵੀ ਪੜ੍ਹੋ : T-20 World Cup : ਆਸਟਰੇਲੀਆ ਨੇ ਉਦਘਾਟਨੀ ਮੈਚ ’ਚ ਦੱਖਣੀ ਅਫਰੀਕਾ ਨੂੰ 5 ਵਿਕਟਾਂ ਨਾਲ ਹਰਾਇਆ

ਜਵਾਬ ਵਿਚ ਇੰਗਲੈਂਡ ਨੇ 8.2 ਓਵਰਾਂ ਵਿਚ ਟੀਚਾ ਹਾਸਲ ਕਰ ਲਿਆ ਪਰ ਚਾਰ ਵਿਕਟਾਂ ਗੁਆ ਦਿੱਤੀਆਂ। ਜੈਸਨ ਰਾਏ (11), ਜਾਨੀ ਬੇਅਰਸਟੋ (9), ਮੋਇਨ ਅਲੀ (3) ਤੇ ਲਿਆਮ ਲਿਵਿੰਗਸਟੋਨ (1) ਸਸਤੇ ਵਿਚ ਆਊਟ ਹੋਏ। ਵੈਸਟਇੰਡੀਜ਼ ਦੇ ਖੱਬੇ ਹੱਥ ਦੇ ਸਪਿਨਰ ਅਕੀਲ ਹੁਸੈਨ ਨੇ 24 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜੋਸ ਬਟਲਰ (ਅਜੇਤੂ 24) ਤੇ ਕਪਤਾਨ ਇਯੋਨ ਮੋਰਗਨ (ਅਜੇਤੂ 7) ਨੇ ਇੰਗਲੈਂਡ ਨੂੰ ਜਿੱਤ ਤਕ ਪਹੁੰਚਾਇਆ। ਟੂਰਨਾਮੈਂਟ ਦੇ ਆਖਰੀ ਗੇੜ ਵਿਚ ਨੈੱਟ ਰਨ ਰੇਟ ’ਤੇ ਗੱਲ ਕੀਤੇ ਜਾਣ ’ਤੇ ਇਸ ਤਰ੍ਹਾਂ ਦੀ ਜਿੱਤ ਕਾਫੀ ਮਾਇਨੇ ਰੱਖਦੀ ਹੈ।
ਇਸ ਤੋਂ ਪਹਿਲਾਂ ਰਾਸ਼ਿਦ ਨੇ 14 ਗੇਂਦਾਂ ਵਿਚ ਸਿਰਫ 2 ਦੌੜਾਂ ਦੇ ਕੇ ਮੱਧਕ੍ਰਮ ਤੇ ਹੇਠਲੇਕ੍ਰਮ ਦੀਆਂ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਮੋਇਨ ਅਲੀ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਕਪਤਾਨ ਮੋਰਗਨ ਦੇ ਫੈਸਲੇ ਨੂੰ ਸਹੀ ਸਾਬਤ ਕਰ ਦਿਖਾਇਆ। ਉਸ ਨੇ ਚਾਰ ਓਵਰਾਂ ਵਿਚ 17 ਦੌੜਾਂ ਦਿੱਤੀਆਂ। ਵੈਸਟਇੰਡੀਜ਼ ਲਈ ਸਿਰਫ ਕ੍ਰਿਸ ਗੇਲ (13) ਹੀ ਦੋਹਰੇ ਅੰਕ ਤਕ ਪਹੁੰਚ ਸਕਿਆ।


author

Manoj

Content Editor

Related News