T-20 WC : ਨਿਯਮਾਂ 'ਚ ਹੋਏ ਵੱਡੇ ਬਦਲਾਅ, ਟੀਮਾਂ ਨੂੰ ਨਵੇਂ ਅਧਿਕਾਰ ਮਿਲਣ ਕਾਰਨ ਖੇਡ ਹੋਵੇਗੀ ਹੋਰ ਰੌਚਕ
Monday, Oct 11, 2021 - 12:31 PM (IST)
ਸਪੋਰਟਸ ਡੈਸਕ- ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਕੌਂਸਲ) ਨੇ ਟੀ-20 ਵਰਲਡ ਕੱਪ ਲਈ ਪਲੇਇੰਗ ਕੰਡੀਸ਼ਨ ਜਾਰੀ ਕੀਤੀ ਹੈ। ਪਹਿਲੀ ਵਾਰ ਟੀ-20 ਵਰਲਡ ਕੱਪ 'ਚ ਫ਼ੈਸਲਾ ਸਮੀਖਿਆ ਪ੍ਰਣਾਲੀ (ਡੀ. ਆਰ. ਐੱਸ.) ਦਾ ਇਸਤੇਮਾਲ ਹੋਵੇਗਾ। ਹਰ ਪਾਰੀ 'ਚ ਦੋਵੇਂ ਟੀਮਾਂ ਨੂੰ ਦੋ-ਦੋ ਰਿਵਿਊ ਮਿਲਣਗੇ ਭਾਵ ਦੋਵੇਂ ਟੀਮਾਂ ਦੇ ਕਪਤਾਨਾਂ ਕੋਲ ਪਾਰੀ ਦੇ ਦੌਰਾਨ ਦੋ ਵਾਰ ਫੀਲਡ ਅੰਪਾਇਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਦਾ ਅਧਿਕਾਰ ਹੋਵੇਗਾ। ਆਈ. ਸੀ. ਸੀ. ਦੀ ਗਵਰਨਿੰਗ ਕੌਂਸਲ ਨੇ ਪਿਛਲੇ ਸਾਲ ਜੂਨ 'ਚ ਕੋਰੋਨਾ ਦੇ ਦੌਰਾਨ ਕਈ ਮੈਚਾਂ 'ਚ ਤਜਰਬੇਕਾਰ ਅੰਪਾਇਰਾਂ ਦੀ ਗ਼ੈਰ ਹਾਜ਼ਰੀ ਨੂੰ ਧਿਆਨ ਨੂੰ ਰਖਦੇ ਹੋਏ ਤਿੰਨੋਂ ਫਾਰਮੈਟ 'ਚ ਇਕ ਵਾਧੂ ਅਸਫਲ ਰਿਵਿਊ ਵਧਾਉਣ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਤੋਂ ਟੀ-20 ਤੇ ਵਨ-ਡੇ ਦੀ ਇਕ ਪਾਰੀ 'ਚ ਹਰ ਟੀਮ ਨੂੰ ਦੋ ਤੇ ਟੈਸਟ ਦੀ ਹਰ ਪਾਰੀ 'ਚ ਦੋਵੇਂ ਟੀਮਾਂ ਨੂੰ ਰਿਵਿਊ ਦੇ 3 ਮੌਕੇ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : MS ਧੋਨੀ ਨੂੰ ਮੈਚ ਦਾ ਸਫ਼ਲ ਅੰਤ ਕਰਦੇ ਦੇਖਣਾ ਭਾਵੁਕ ਪਲ: ਸਟੀਫਨ ਫਲੇਮਿੰਗ
ਇਸ ਦੇ ਇਲਾਵਾ ਆਈ. ਸੀ. ਸੀ. ਨੇ ਦੇਰੀ ਨਾਲ ਜਾਂ ਮੀਂਹ ਦੇ ਅੜਿੱਕੇ ਨਾਲ ਪ੍ਰਭਾਵਿਤ ਹੋਏ ਮੈਚਾਂ ਲਈ ਘੱਟੋ-ਘੱਟ ਓਵਰਾਂ ਦੀ ਗਿਣਤੀ ਵਧਾਉਣ ਦਾ ਵੀ ਫ਼ੈਸਲਾ ਕੀਤਾ ਹੈ। ਗਰੁੱਪ ਸਟੇਜ ਦੇ ਮੈਚ ਦੇ ਦੌਰਾਨ ਟੀਮਾਂ ਨੂੰ ਘੱਟੋ-ਘੱਟ 5 ਓਵਰ ਬੱਲੇਬਾਜ਼ੀ ਕਰਨੀ ਹੋਵੇਗੀ, ਇਸ ਤੋਂ ਬਾਅਦ ਹੀ ਡਕਵਰਥ ਲੁਈਸ ਦੀ ਮਦਦ ਲਈ ਜਾਵੇਗੀ ਪਰ ਸੈਮੀਫ਼ਾਈਨਲ ਤੇ ਫ਼ਾਈਨਲ 'ਚ ਮੀਂਹ ਪਿਆ ਤਾਂ ਓਵਰ ਦੀ ਗਿਤੀ ਵੱਧ ਕੇ 10 ਕਰ ਦਿੱਤੀ ਜਾਵੇਗੀ। ਅਜਿਹਾ ਪਿਛਲੇ ਸਾਲ ਮਹਿਲਾ ਟੀ-20 ਵਰਲਡ ਕੱਪ ਦੇ ਦੌਰਾਨ ਵੀ ਹੋਇਆ ਸੀ। ਹਾਲਾਂਕਿ, ਉਦੋਂ ਇੰਗਲੈਂਡ ਤੇ ਭਾਰਤ ਦਰਮਿਆਨ ਸਿਡਨੀ 'ਚ ਹੋਣ ਵਾਲੇ ਪਹਿਲੇ ਸੈਮੀਫ਼ਾਈਨਲ ਦੇ ਮੀਂਹ ਦੀ ਭੇਟ ਚੜ੍ਹਨ ਦੇ ਬਾਅਦ ਇਸ ਨਿਯਮ ਦੀ ਬਹੁਤ ਚਰਚਾ ਹੋਈ ਸੀ, ਕਿਉਂਕਿ ਉਦੋਂ ਰਿਜ਼ਰਵ-ਡੇ ਨਹੀਂ ਹੋਣ ਦੇ ਕਾਰਨ ਇੰਗਲੈਂਡ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ। ਆਈ. ਸੀ. ਸੀ. ਦੇ ਕਿਸੇ ਵੀ ਕੌਮਾਂਤਰੀ ਟੀ-20 ਟੂਰਨਾਮੈਂਟ 'ਚ ਡੀ. ਆਰ. ਐੱਸ. ਦਾ ਪਹਿਲੀ ਵਾਰ ਇਸਤੇਮਾਲ 2018 'ਚ ਵੈਸਟਇੰਡੀਜ਼ 'ਚ ਹੋਏ ਮਹਿਲਾ ਟੀ-20 ਵਰਲਡ ਕੱਪ 'ਚ ਹੋਇਆ ਸੀ। ਉਦੋਂ ਟੀਮਾਂ ਦੇ ਕੋਲ ਪਾਰੀ 'ਚ ਰਿਵਿਊ ਦਾ ਇਕ ਹੀ ਮੌਕਾ ਹੁੰਦਾ ਸੀ।
ਇਹ ਵੀ ਪੜ੍ਹੋ : IPL 2021 : ਨਵਾਂ ਨਾਂ ਵੀ ਨਹੀਂ ਬਦਲ ਸਕਿਆ ਪੰਜਾਬ ਦੀ ਕਿਸਮਤ
ਟੀ-20 ਵਰਲਡ ਕੱਪ ਜੇਤੂ ਨੂੰ ਮਿਲਣਗੇ 12 ਕਰੋੜ
ਆਈ. ਸੀ. ਸੀ. ਨੇ ਪੁਰਸ਼ ਟੀ-20 ਵਿਸ਼ਵ ਕੱਪ ਦੇ ਜੇਤੂ ਨੂੰ 16 ਲੱਖ ਡਾਲਰ (ਲਗਭਗ 12 ਕਰੋੜ ਰੁਪਏ) ਦੀ ਇਨਾਮੀ ਰਕਮ, ਜਦਕਿ ਉੱਪ ਜੇਤੂ ਨੂੰ ਇਸ ਦੀ ਅੱਧੀ ਰਕਮ ਦੇਣ ਦਾ ਐਤਵਾਰ ਨੂੰ ਐਲਾਨ ਕੀਤਾ। ਟੂਰਨਾਮੈਂਟ ਲਈ ਕੁੱਲ 56 ਲੱਖ ਡਾਲਰ (ਲਗਭਗ 42 ਕਰੋੜ ਰੁਪਏ) ਦੀ ਰਕਮ ਇਨਾਮ ਵਜੋਂ ਦੇਣ ਲਈ ਰੱਖੀ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।