ਧਾਕੜ ਖਿਡਾਰੀ ਐੱਸ. ਵੀ. ਸੁਨੀਲ ਨੇ ਕੌਮਾਂਤਰੀ ਹਾਕੀ ਨੂੰ ਕਿਹਾ ਅਲਵਿਦਾ
Friday, Oct 01, 2021 - 05:34 PM (IST)
ਸਪੋਰਟਸ ਡੈਸਕ- ਭਾਰਤੀ ਪੁਰਸ਼ ਹਾਕੀ ਟੀਮ ਦੇ ਤਜਰਬੇਕਾਰ ਸਟ੍ਰਾਈਕਰ ਐੱਸ. ਵੀ. ਸੁਨੀਲ ਨੇ ਸ਼ੁੱਕਰਵਾਰ ਨੂੰ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ ਜਿਸ ਦੇ ਨਾਲ ਹੀ 14 ਸਾਲਾਂ ਦਾ ਉਨ੍ਹਾਂ ਦਾ ਸੁਨਹਿਰੀ ਕਰੀਅਰ ਵੀ ਖ਼ਤਮ ਹੋ ਗਿਆ। ਇਸ ਤੋਂ ਇਕ ਦਿਨ ਪਹਿਲਾਂ ਡ੍ਰੈਗ ਫਲਿਕਰ ਰੁਪਿੰਦਰ ਪਾਲ ਸਿੰਘ ਤੇ ਡਿਫੈਂਡਰ ਬਰਿੰਦਰ ਲਾਕੜਾ ਨੇ ਸੰਨਿਆਸ ਦਾ ਐਲਾਨ ਕੀਤਾ ਸੀ। ਰੁਪਿੰਦਰ ਤੇ ਲਾਕੜਾ ਟੋਕੀਓ ਓਲੰਪਿਕ 'ਚ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਦੇ ਮੈਂਬਰ ਸਨ। ਕਰਨਾਟਕ ਦੇ 32 ਸਾਲਾ ਸੁਨੀਲ ਟੋਕੀਓ ਓਲੰਪਿਕ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਸਨ। ਸੁਨੀਲ ਨੇ 264 ਮੈਚ ਖੇਡ ਕੇ 72 ਗੋਲ ਕੀਤੇ।
ਉਨ੍ਹਾਂ ਨੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ, ‘‘ਬਰੇਕ ਲੈਣ ਦਾ ਸਮਾਂ ਹੈ। ਭਾਰਤ ਵੱਲੋਂ ਖੇਡਦੇ ਹੋਏ 14 ਸਾਲ ਤੋਂ ਜ਼ਿਆਦ ਸਮਾਂ ਹੋ ਗਿਆ। ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਕੈਂਪ ਲਈ ਉਪਲਬਧ ਨਹੀਂ ਹਾਂ।'' ਉਨ੍ਹਾਂ ਕਿਹਾ, ‘‘ਇਹ ਸੌਖਾ ਫ਼ੈਸਲਾ ਨਹੀਂ ਸੀ ਪਰ ਓਨਾ ਮੁਸ਼ਕਲ ਵੀ ਨਹੀਂ ਸੀ ਕਿਉਂਕਿ ਮੈਂ ਟੋਕੀਓ ਓਲੰਪਿਕ ਲਈ ਟੀਮ 'ਚ ਜਗ੍ਹਾ ਨਹੀਂ ਬਣਾ ਸਕਿਆ ਸੀ। ਇਸ ਨਾਲ ਇਕ ਖਿਡਾਰੀ ਦੇ ਤੌਰ 'ਤੇ 11 ਖਿਡਾਰੀਆਂ ਦੇ ਫ਼ਾਰਮੈਟ 'ਚ ਮੇਰੇ ਭਵਿੱਖ 'ਤੇ ਵੀ ਸਵਾਲ ਉਠ ਗਏ ਸਨ।'' ਸੁਨੀਲ ਨੇ ਕਿਹਾ ਕਿ ਪੈਰਿਸ ਓਲੰਪਿਕ 'ਚ ਤਿੰਨ ਹੀ ਸਾਲ ਬਚੇ ਹਨ ਤੇ ਮੈਨੂੰ ਲਗਦਾ ਹੈ ਕਿ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੇਰੇ ਲਈ ਇਹ ਜ਼ਰੂਰੀ ਹੈ ਕਿ ਯੁਵਾਵਾਂ ਲਈ ਰਸਤਾ ਖੋਲ੍ਹਾਂ ਤੇ ਭਵਿੱਖ ਲਈ ਜੇਤੂ ਟੀਮ ਬਣਾਉਣ 'ਚ ਮਦਦ ਕਰਾਂ।
ਕੁਰਗ ਦੇ ਰਹਿਣ ਵਾਲੇ ਇਸ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਨੇ 2007 'ਚ ਏਸ਼ੀਆ ਕੱਪ 'ਚ ਕੌਮਾਂਤਰੀ ਹਾਕੀ 'ਚ ਡੈਬਿਊ ਕੀਤਾ ਸੀ। ਭਾਰਤ ਨੇ ਫ਼ਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਦੋ ਵਾਰ ਓਲੰਪਿਕ ਖੇਡ ਚੁੱਕੇ ਸੁਨੀਲ ਭਾਰਤ ਦੀ ਫਾਰਵਰਡ ਲਾਈਨ ਦਾ ਅਹਿਮ ਹਿੱਸਾ ਰਹੇ। ਉਹ 2011 ਏਸ਼ੀਆਈ ਚੈਂਪੀਅਨਜ਼ ਟਰਾਫ਼ੀ 'ਚ ਸੋਨ ਤੇ 2012 'ਚ ਚਾਂਦੀ ਤਮਗ਼ਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੇ 2014 ਇੰਚੀਓਨ ਏਸ਼ੀਆਈ ਖੇਡਾਂ ਤੇ 2018 'ਚ ਜਕਾਰਤਾ 'ਚ ਕ੍ਰਮਵਾਰ ਸੋਨ ਤੇ ਚਾਂਦੀ ਤਮਜ਼ੇ ਜਿੱਤੇ। ਉਹ 2015 ਐੱਫ. ਆਈ. ਐੱਚ ਵਿਸ਼ਵ ਲੀਗ ਫਾਈਨਲ 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ ਤੇ 2017 'ਚ ਭੁਵਨੇਸ਼ਵਰ 'ਚ ਇਸੇ ਟੂਰਨਾਮੈਂਟ 'ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ 'ਚ ਵੀ ਸ਼ਾਮਲ ਸਨ।