ICC Rankings : ਸੂਰਿਆਕੁਮਾਰ ਦੂਜੇ ਸਥਾਨ ''ਤੇ ਬਰਕਰਾਰ, ਜਾਇਸਵਾਲ ਛੇਵੇਂ ਸਥਾਨ ''ਤੇ ਪੁੱਜੇ

Wednesday, Jul 17, 2024 - 06:44 PM (IST)

ਦੁਬਈ— ਹਮਲਾਵਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਬੁੱਧਵਾਰ ਨੂੰ ਜਾਰੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਬੱਲੇਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ, ਜਦਕਿ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਵਾਲ ਛੇਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੁਤੁਰਾਜ ਗਾਇਕਵਾੜ ਟੀ-20 ਬੱਲੇਬਾਜ਼ਾਂ ਦੀ ਸੂਚੀ 'ਚ ਇਕ ਸਥਾਨ ਗੁਆ ​​ਕੇ ਅੱਠਵੇਂ ਸਥਾਨ 'ਤੇ ਆ ਗਿਆ ਹੈ।

ਜ਼ਿੰਬਾਬਵੇ ਖਿਲਾਫ ਟੀ-20 ਸੀਰੀਜ਼ 'ਚ ਭਾਰਤ ਦੀ 4-1 ਨਾਲ ਜਿੱਤ ਤੋਂ ਬਾਅਦ ਰੈਂਕਿੰਗ ਨੂੰ ਅਪਡੇਟ ਕੀਤਾ ਗਿਆ ਹੈ। ਸੀਰੀਜ਼ 'ਚ 141 ਦੌੜਾਂ ਬਣਾਉਣ ਵਾਲੇ ਜਾਇਸਵਾਲ ਨੂੰ ਚਾਰ ਸਥਾਨ ਦਾ ਫਾਇਦਾ ਹੋਇਆ ਹੈ। ਆਸਟਰੇਲੀਆ ਦਾ ਟ੍ਰੈਵਿਸ ਹੈੱਡ ਬੱਲੇਬਾਜ਼ੀ ਰੈਂਕਿੰਗ 'ਚ ਸਿਖਰ 'ਤੇ ਬਰਕਰਾਰ ਹੈ। ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ 'ਚ ਜ਼ਿੰਬਾਬਵੇ ਦੌਰੇ 'ਤੇ ਭਾਰਤੀ ਟੀਮ ਦੀ ਅਗਵਾਈ ਕਰਨ ਵਾਲੇ ਸ਼ੁਭਮਨ ਗਿੱਲ ਪੰਜ ਪਾਰੀਆਂ 'ਚ 170 ਦੌੜਾਂ ਬਣਾ ਕੇ ਸੀਰੀਜ਼ ਦੇ ਸਭ ਤੋਂ ਵੱਧ ਸਕੋਰਰ ਰਹੇ। ਉਹ 36 ਸਥਾਨਾਂ ਦੀ ਵੱਡੀ ਛਾਲ ਨਾਲ 37ਵੇਂ ਸਥਾਨ 'ਤੇ ਹੈ। ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ ਚੋਟੀ ਦੇ 10 ਵਿੱਚ ਕੋਈ ਵੀ ਭਾਰਤੀ ਨਹੀਂ ਹੈ।

ਅਕਸ਼ਰ ਪਟੇਲ ਨੂੰ ਜ਼ਿੰਬਾਬਵੇ ਖਿਲਾਫ ਸੀਰੀਜ਼ ਤੋਂ ਬ੍ਰੇਕ ਦਿੱਤਾ ਗਿਆ ਸੀ ਅਤੇ ਉਹ ਚਾਰ ਸਥਾਨ ਹੇਠਾਂ 13ਵੇਂ ਸਥਾਨ 'ਤੇ ਆ ਗਿਆ ਹੈ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਅਤੇ ਵਾਸ਼ਿੰਗਟਨ ਸੁੰਦਰ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਹੈ। ਤਿੰਨ ਮੈਚਾਂ 'ਚ ਅੱਠ ਵਿਕਟਾਂ ਲੈਣ ਵਾਲੇ ਮੁਕੇਸ਼ 36 ਸਥਾਨਾਂ ਦੇ ਫਾਇਦੇ ਨਾਲ 46ਵੇਂ ਸਥਾਨ 'ਤੇ ਪਹੁੰਚ ਗਏ ਹਨ। ਪੰਜ ਮੈਚਾਂ 'ਚ ਅੱਠ ਵਿਕਟਾਂ ਲੈਣ ਵਾਲੇ ਸੁੰਦਰ 21 ਸਥਾਨਾਂ ਦੀ ਛਾਲ ਨਾਲ 73ਵੇਂ ਸਥਾਨ 'ਤੇ ਹਨ।

ਟੀ-20 ਅੰਤਰਰਾਸ਼ਟਰੀ ਗੇਂਦਬਾਜ਼ਾਂ ਦੀ ਸੂਚੀ 'ਚ ਇੰਗਲੈਂਡ ਦੇ ਆਦਿਲ ਰਾਸ਼ਿਦ ਚੋਟੀ 'ਤੇ ਹਨ। ਉਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਐਨਰਿਚ ਨੋਰਕੀਆ ਅਤੇ ਸ੍ਰੀਲੰਕਾ ਦੇ ਵਾਨਿੰਦੂ ਹਸਾਰੰਗਾ ਆਉਂਦੇ ਹਨ। ਟੀ-20 ਅੰਤਰਰਾਸ਼ਟਰੀ ਆਲਰਾਊਂਡਰਾਂ ਦੀ ਸੂਚੀ 'ਚ ਭਾਰਤ ਦਾ ਹਾਰਦਿਕ ਪੰਡਯਾ ਚਾਰ ਸਥਾਨ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਿਆ ਹੈ ਜਦਕਿ ਅਕਸ਼ਰ ਇਕ ਸਥਾਨ ਹੇਠਾਂ 13ਵੇਂ ਸਥਾਨ 'ਤੇ ਆ ਗਿਆ ਹੈ। ਸੁੰਦਰ ਅਤੇ ਸ਼ਿਵਮ ਦੂਬੇ ਕ੍ਰਮਵਾਰ ਅੱਠ ਅਤੇ 35 ਸਥਾਨਾਂ ਦੇ ਫਾਇਦੇ ਨਾਲ 41ਵੇਂ ਅਤੇ 43ਵੇਂ ਸਥਾਨ 'ਤੇ ਹਨ। ਆਲਰਾਊਂਡਰਾਂ ਦੀ ਸੂਚੀ 'ਚ ਸ਼੍ਰੀਲੰਕਾ ਦਾ ਹਸਾਰੰਗਾ ਸਭ ਤੋਂ ਅੱਗੇ ਹੈ।


Tarsem Singh

Content Editor

Related News