ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਵਾਨ ਸੂਰਜ ਨੇ ਰਚਿਆ ਇਤਿਹਾਸ, ਜਿੱਤਿਆ ਸੋਨ ਤਮਗਾ
Thursday, Jul 28, 2022 - 06:24 PM (IST)
ਰੋਮ (ਵਾਰਤਾ) : ਭਾਰਤ ਦੇ ਗ੍ਰੀਕੋ ਰੋਮਨ ਪਹਿਲਵਾਨ ਸੂਰਜ ਨੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਇਤਿਹਾਸ ਰਚਦਿਆਂ 55 ਕਿਲੋਗ੍ਰਾਮ ਵਰਗ ਦਾ ਸੋਨ ਤਮਗਾ ਜਿੱਤਿਆ। ਸੂਰਜ ਨੇ ਮੰਗਲਵਾਰ ਨੂੰ ਯੂਰਪੀਅਨ ਚੈਂਪੀਅਨ ਅਜ਼ਰਬੈਜਾਨ ਦੇ ਫਰਾਇਮ ਮੁਸਤਫਾਯੇਵ ਨੂੰ ਤਕਨੀਕੀ ਉੱਤਮਤਾ (11-0) ਨਾਲ ਹਰਾ ਕੇ ਭਾਰਤੀ ਝੰਡਾ ਲਹਿਰਾਇਆ। ਸੂਰਜ ਦੀ ਇਸ ਇਤਿਹਾਸਕ ਜਿੱਤ ਤੋਂ ਪਹਿਲਾਂ 32 ਸਾਲ ਪਹਿਲਾਂ ਅੰਡਰ-17 ਚੈਂਪੀਅਨਸ਼ਿਪ 1990 ’ਚ ਪੱਪੂ ਯਾਦਵ ਨੇ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਇਹ ਅੰਡਰ-17 ਵਿਸ਼ਵ ’ਚ ਭਾਰਤ ਦਾ ਤੀਜਾ ਸੋਨ ਤਮਗਾ ਅਤੇ ਸਾਰੀਆਂ ਵਿਸ਼ਵ ਚੈਂਪੀਅਨਸ਼ਿਪਸ਼ ਮਿਲਾ ਕੇ ਭਾਰਤ ਦਾ ਚੌਥਾ ਸੋਨ ਤਮਗਾ ਸੀ। ਯਾਦਵ ਨੇ 1990 ’ਚ ਅੰਡਰ-17 ਤੋਂ ਇਲਾਵਾ 1992 ’ਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵੀ ਜਿੱਤੀ ਸੀ, ਜਦਕਿ ਵਿਨੋਦ ਕੁਮਾਰ ਨੇ 1980 ’ਚ ਅੰਡਰ-17 ’ਚ ਭਾਰਤ ਨੂੰ ਸੋਨਾ ਦਿਵਾਇਆ ਸੀ। ਯੂਨਾਈਟਿਡ ਵਰਲਡ ਰੈਸਲਿੰਗ ਨੇ ਸੂਰਜ ਦੇ ਹਵਾਲੇ ਨਾਲ ਕਿਹਾ, 'ਇਹ ਮੇਰਾ ਪਹਿਲਾ ਦੌਰਾ ਸੀ। ਮੈਨੂੰ ਪਕੜ ਅਤੇ ਸਟਾਂਸ ਦਾ ਬਹੁਤ ਘੱਟ ਅਨੁਭਵ ਸੀ। ਮੈਂ ਇਹ ਸਭ ਇਕ ਕੈਂਪ ’ਚ ਸਿੱਖਿਆ ਸੀ।’’
ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਗਮੀਤ ਬਰਾੜ ਨੇ ਸੁਖਬੀਰ ਬਾਦਲ ਨੂੰ ਦਿੱਤੇ 7 ਅਹਿਮ ਸੁਝਾਅ
16 ਸਾਲਾ ਸੂਰਜ ਨੇ ਫਾਈਨਲ ’ਚ ਅਜ਼ਰਬੈਜਾਨ ਦੇ ਮੁਸਤਫਾਯੇਵ ’ਤੇ ਆਪਣਾ ਦਬਦਬਾ ਬਣਾਇਆ। ਸੂਰਜ ਨੇ ਹਮਲਾਵਰਤਾ ਨਾਲ ਮੁਸਤਫਾਯੇਵ ਦੇ ਖ਼ਿਲਾਫ਼ ਇਕ ਓਪਨਿੰਗ ਲੱਭਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਰੈਫਰੀ ਨੇ ਅਜ਼ਰਬੈਜਾਨ ਦੇ ਪਹਿਲਵਾਨ ਨੂੰ ਪਹਿਲੇ ਦੌਰ ’ਚ ਅਕਿਰਿਆਸ਼ੀਲ ਐਲਾਨ ਦਿੱਤਾ। 1-0 ਦੀ ਬੜ੍ਹਤ ਹਾਸਲ ਕਰ ਚੁੱਕੇ ਸੂਰਜ ਨੇ ਦੂਜੇ ਦੌਰ ’ਚ ਪਹਿਲਾਂ ਅਕਿਰਿਆਸ਼ੀਲ ਹੋਣ ਤੋਂ ਪ੍ਰਹੇਜ਼ ਕੀਤਾ ਅਤੇ ਫਿਰ ਆਪਣੀ ਲੀਡ ਨੂੰ 3-0 ਤੱਕ ਵਧਾਉਣ ਲਈ ਟੇਕਡਾਊਨ ਮਾਰਿਆ। ਉਹ ਅਜੇ ਵੀ ਇਕ ਮਿੰਟ ਤੋਂ ਵੱਧ ਸਮਾਂ ਬਾਕੀ ਰਹਿੰਦਿਆਂ ਅਕਿਰਿਆਸ਼ੀਲ ਹੋਣ ਦੇ ਖ਼ਤਰੇ ਨਾਲ ਜੂਝ ਰਿਹਾ ਸੀ ਪਰ ਉਸ ਨੇ ਅੰਡਰਹੁੱਕ ਦੀ ਵਰਤੋਂ ਕਰਕੇ ਚਾਰ ਅੰਕ ਜੁਟਾਏ ਅਤੇ ਸੋਨ ਤਮਗਾ 11-0 ਨਾਲ ਜਿੱਤ ਲਿਆ। ਰੋਨਿਤ ਸ਼ਰਮਾ ਨੇ ਹਾਲਾਂਕਿ ਫਾਈਨਲ ਮੁਕਾਬਲੇ ’ਚ ਈਰਾਨ ਦੇ ਅਲੀ ਅਹਿਮਦੀ ਵਫਾ ਤੋਂ ਹਾਰ ਕੇ ਚਾਂਦੀ ਤਗਮਾ ਹਾਸਲ ਕੀਤਾ। ਉਹ ਇਤਿਹਾਸ ਰਚ ਸਕਦਾ ਸੀ ਪਰ ਈਰਾਨੀ ਖਿਡਾਰੀ ਨੇ 48 ਕਿਲੋਗ੍ਰਾਮ ਦੇ ਫਾਈਨਲ ’ਚ 3-3 ਨਾਲ ਜਿੱਤ ਤੋਂ ਵਾਂਝਾ ਕਰ ਦਿੱਤਾ। ਦੋਵੇਂ ਇਸ ਤੋਂ ਪਹਿਲਾਂ ਦੋ ਮੌਕਿਆਂ ’ਤੇ ਅੰਡਰ-17 ਏਸ਼ੀਅਨ ਚੈਂਪੀਅਨਸ਼ਿਪ 'ਚ ਭਿੜੇ ਸਨ, ਜਿਸ ’ਚ ਅਹਿਮਦੀ ਵਫਾ ਨੇ ਗਰੁੱਪ ਪੜਾਅ ਦਾ ਮੁਕਾਬਲਾ ਜਿੱਤਿਆ ਸੀ ਅਤੇ ਸ਼ਰਮਾ ਨੇ ਫਾਈਨਲ ਜਿੱਤਿਆ ਸੀ।