ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ

01/14/2018 4:22:35 AM

ਲੁਧਿਆਣਾ (ਪਰਮਿੰਦਰ, ਸਲੂਜਾ)- ਨੈਸ਼ਨਲ ਫੈੱਡਰੇਸ਼ਨ ਆਫ ਦਾ ਬਲਾਂਇਡ ਨਵੀਂ ਦਿੱਲੀ ਦੀ ਪੰਜਾਬ ਇਕਾਈ ਵੱਲੋਂ ਕਰਵਾਈਆਂ ਜਾ ਰਹੀਆਂ ਨੇਤਰਹੀਣਾਂ ਦੀਆਂ ਰਾਸ਼ਟਰੀ ਖੇਡਾਂ ਅੱਜ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਚ ਪੂਰੀ ਸ਼ਾਨੋਂ-ਸ਼ੌਕਤ ਨਾਲ ਸ਼ੁਰੂ ਹੋ ਗਈਆਂ। ਖੇਡਾਂ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰਸੱਟੀ ਡਾ. ਐੱਸ. ਪੀ. ਸਿੰਘ ਓਬਰਾਏ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਮਿਲ ਕੇ ਕੀਤਾ। ਸਮਾਗਮ ਦੀ ਪ੍ਰਧਾਨਗੀ ਐੱਨ. ਐੱਫ. ਬੀ. ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਐੱਸ. ਕੇ. ਰੌਂਗਟਾ ਨੇ ਕੀਤੀ ਅਤੇ ਐੱਨ. ਐੱਫ. ਬੀ. ਦੀ ਮਹਿਲਾ ਵਿੰਗ ਦੀ ਕੌਮੀ ਮੀਤ ਪ੍ਰਧਾਨ ਡਾ. ਕੁਸਮ ਲਤਾ ਮਲਿਕ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਸੁਆਮੀ ਸ਼ੰਕਰਾਨੰਦ ਜੀ ਭੂਰੀਵਾਲਿਆਂ ਤਲਵੰਡੀ ਧਾਮ ਵੱਲੋਂ ਗੁਰਨਾਮ ਸਿੰਘ ਕਲੇਰ ਪੁੱਜੇ। ਗਾਇਕ ਬਲਵੀਰ ਬੋਪਾਰਾਏ ਨੇ ਆਪਣੇ ਚਰਚਿਤ ਗੀਤਾਂ ਨਾਲ ਨੇਤਰਹੀਣ ਖਿਡਾਰੀਆਂ ਦਾ ਖੂਬ ਮਨੋਰੰਜਨ ਕੀਤਾ।
ਡਾ. ਓਬਰਾਏ ਅਤੇ ਪ੍ਰਧਾਨ ਪ੍ਰਿਤਪਾਲ ਸਿੰਘ ਨੇ ਨੇਤਰਹੀਣ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਜਿੱਥੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ, ਉਥੇ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਸਮੇਤ ਸਮਾਜਿਕ ਬੁਰਾਈਆਂ ਦੀ ਦਲ-ਦਲ 'ਚੋਂ ਬਾਹਰ ਨਿਕਲ ਕੇ ਆਪਣੀ ਸ਼ਕਤੀ ਦਾ ਇਸਤੇਮਾਲ ਦੇਸ਼ ਅਤੇ ਸਮਾਜ ਦੀ ਮਜ਼ਬੂਤੀ ਲਈ ਕਰਨ ਦਾ ਸੱਦਾ ਦਿੱਤਾ। ਓਬਰਾਏ ਅਤੇ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਦੀਆਂ ਇਹ ਕੌਮੀ ਖੇਡਾਂ ਸਮਾਜ ਲਈ ਚੇਤਨਾ ਪੈਦਾ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਨੇਤਰਹੀਣ ਇਹ ਖਿਡਾਰੀ ਬਿਨਾਂ ਕਿਸੇ ਸਹਾਰੇ ਤੋਂ ਖੇਡ ਦੇ ਟਰੈਕ 'ਤੇ ਦੌੜ ਕੇ ਸੋਨ ਤਮਗੇ ਜਿੱਤ ਸਕਦੇ ਹਨ ਤਾਂ ਫਿਰ ਸਾਡੇ ਪੰਜਾਬ ਦੇ ਨੌਜਵਾਨ ਕਿਉਂ ਨਹੀਂ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਵੀ ਖੇਡਾਂ ਸਮੇਤ ਵੱਖ-ਵੱਖ ਖੇਤਰਾਂ ਵਿਚ ਹਿੱਸਾ ਲੈ ਕੇ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ।
ਖੇਡਾਂ ਦੇ ਮੁੱਖ ਆਯੋਜਕ ਐਡਵੋਕੇਟ ਐੱਸ. ਕੇ. ਰੌਂਗਟਾ ਨੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦਿਆਂ ਹਰ ਸਾਲ ਕੌਮੀ ਖੇਡਾਂ ਕਰਵਾਉਣ ਦਾ ਐਲਾਨ ਕੀਤਾ। ਪੰਜਾਬ ਬ੍ਰਾਂਚ ਦੇ ਮੁੱਖ ਬੁਲਾਰੇ ਗੁਰਪ੍ਰੀਤ ਸਿੰਘ ਚਾਹਲ ਨੇ ਐਡਵੋਕੇਟ ਐੱਸ. ਕੇ. ਰੌਂਗਟਾ ਦਾ ਧੰਨਵਾਦ ਕੀਤਾ। ਇਸ ਮੌਕੇ ਨੇਤਰਹੀਣ ਡਾ. ਮਲਿਕ ਵੱਲੋਂ ਵੱਖ-ਵੱਖ ਖੇਤਰਾਂ ਵਿਚ ਨਾਮਨਾ ਖੱਟਣ ਵਾਲੀਆਂ ਨੇਤਰਹੀਣ ਸ਼ਖਸੀਅਤਾਂ ਦੇ ਜੀਵਨ 'ਤੇ ਲਿਖੀ ਕਿਤਾਬ ਸਾਰੇ ਮਹਿਮਾਨਾਂ ਨੂੰ ਦਿੱਤੀ। ਉਦਘਾਟਨੀ ਸਮਾਰੋਹ ਮੌਕੇ ਵੀ. ਆਰ. ਟੀ. ਸੀ. ਦੇ ਡਿਪਟੀ ਡਾਇਰੈਕਟਰ ਰਵੀਨੰਦਰਨ, ਮੀਤ ਪ੍ਰਧਾਨ ਇੰਦਰ ਸਿੰਘ, ਯੂਥ ਸੈਕਟਰੀ ਨਵੀਨ ਅਲਾਵਤ, ਜਾਗੇ ਰਾਮ, ਦਲਜੀਤ ਸਿੰਘ ਸਲੂਜਾ, ਵਾਰਡ 75 ਦੀ ਕਾਂਗਰਸੀ ਆਗੂ, ਨੀਤੂ ਸਲੂਜਾ, ਕ੍ਰਿਸ਼ਨ ਸਿੰਘ, ਬਲਵਿੰਦਰ ਸਿੰਘ ਚਾਹਲ, ਪ੍ਰਧਾਨ ਵਿਵੇਕ ਮੌਂਗਾ, ਦਰਬਾਰਾ ਸਿੰਘ ਭੱਟੀ ਆਦਿ ਮੌਜੂਦ ਸਨ।


Related News