ਖੇਡਣ ਗਏ ਸੀ ਕ੍ਰਿਕਟ ਪਰ ਖਿਡਾਰੀਆਂ ''ਤੇ ਚੱਲੀਆਂ ਗੋਲੀਆਂ
Sunday, Mar 03, 2019 - 03:29 PM (IST)

ਨਵੀਂ ਦਿੱਲੀ : ਅੱਜ ਦਾ ਦਿਨ (3 ਮਾਰਚ) ਕ੍ਰਿਕਟ ਇਤਿਹਾਸ ਦੇ ਕਾਲੇ ਦਿਨ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਕ੍ਰਿਕਟ ਇਤਿਹਾਸ ਕਈ ਕਿੱਸੇ ਕਹਾਣੀਆਂ ਨਾਲ ਜੁੜਿਆ ਹੋਇਆ ਹੈ। ਇਸ 'ਚੋ ਕੁਝ ਸੁਕੂਨ ਦੇਣ ਵਾਲੇ ਅਤੇ ਕੁਝ ਦਿਲ ਦਹਿਲਾ ਦੇਣ ਵਾਲੇ ਹੁੰਦੇ ਹਨ। ਅਸੀਂ ਜਿਸ ਘਟਣਾ ਦਾ ਜ਼ਿਕਰ ਕਰ ਰਹੇ ਹਾਂ ਉਹ ਵੀ ਦਿਲ ਦਹਿਲਾ ਦੇਣ ਵਾਲੀ ਹੈ। ਅੱਜ ਤੋਂ 10 ਸਾਲ ਪਹਿਲਾਂ 3 ਮਾਰਚ 2009 'ਚ ਕੁਝ ਅਜਿਹੀ ਘਟਣਾ ਹੋਈ ਜੋ ਕ੍ਰਿਕਟ ਪ੍ਰਸ਼ੰਸਕਾ ਨੂੰ ਅੱਜ ਵੀ ਯਾਦ ਹੈ। ਇਹ ਕ੍ਰਿਕਟ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ।
ਦਰਅਸਲ 3 ਮਾਰਚ, 2009 'ਚ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ ਦੇ ਦੌਰੇ 'ਤੇ ਸੀ। ਸ਼੍ਰੀਲੰਕਾ 3 ਵਨਡੇ ਅਤੇ 2 ਟੈਸਟ ਮੈਚ ਖੇਡਣ ਪਾਕਿਸਤਾਨ ਗਈ ਸੀ। ਵਨਡੇ ਸੀਰੀਜ਼ ਸ਼੍ਰੀਲੰਕਾ ਪਹਿਲਾਂ ਹੀ 2-1 ਨਾਲ ਆਪਣੇ ਨਾਂ ਕਰ ਚੁੱਕੀ ਸੀ। ਪਹਿਲਾ ਟੈਸਟ ਮੈਚ ਡਰਾਅ ਕਰਨ ਤੋਂ ਬਾਅਦ ਦੂਜੇ ਟੈਸਟ 'ਤੇ ਵੀ ਪਕੜ ਕਸ ਚੁੱਕੀ ਸੀ। ਟੈਸਟ ਮੈਚ ਦੇ ਤੀਜੇ ਦਿਨ ਸ਼੍ਰੀਲੰਕਾ ਟੀਮ ਸਵੇਰੇ ਆਪਣੇ ਹੋਟਲ ਤੋਂ ਲਾਹੌਰ ਦੇ ਗੱਦਾਫੀ ਸਟੇਡੀਅਮ ਲਈ ਬੱਸ 'ਚ ਜਾ ਰਹੀ ਸੀ, ਅਚਾਨਕ 12 ਅੱਤਵਾਦੀਆਂ ਨੇ ਬੱਸ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਾਕਿਸਤਾਨ ਦੀ ਸੁਰੱਖਿਆ ਪ੍ਰਣਾਲੀ ਦੀਆਂ ਧੱਜੀਆਂ ਉਡਾਉਂਦੇ ਹੋਏ ਅੱਤਵਾਦੀ ਲਗਾਤਾਰ ਗੋਲੀਆਂ ਚਲਾ ਰਹੇ ਸਨ। ਬੱਸ 'ਚ ਖਿਡਾਰੀਆਂ ਤੋਂ ਇਲਾਵਾ ਅੰਪਾਇਰ ਵੀ ਸਵਾਰ ਸਨ। ਇਸ ਹਮਲੇ 'ਚ ਪੰਜ ਖਿਡਾਰੀ ਜੈਯਾਵਰਧਨੇ, ਕੁਮਾਰ ਸੰਗਾਕਾਰਾ, ਅਜੰਥਾ ਮੈਂਡਿਸ, ਸਮਰਵੀਰਾ ਅਤੇ ਥਰੰਗਾ ਪਰਿਵਿਤਰਨਾ ਨੂੰ ਗੰਭੀਰ ਸੱਟਾਂ ਲੱਗੀਆਂ। ਜਦਕਿ 6 ਪੁਲਸ ਮੁਲਾਜ਼ਮਾਂ ਤੋਂ ਇਲਾਵਾ 2 ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸੀ।
ਇਹ ਕ੍ਰਿਕਟ 'ਤੇ ਹੋਇਆ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ। 1972 ਦੇ ਮਿਉਨਿਖ ਓਲੰਪਿਕ ਤੋਂ ਬਾਅਦ ਇਹ ਖੇਡ ਅਤੇ ਖਿਡਾਰੀਆਂ 'ਤੇ ਦੂਜਾ ਸਭ ਤੋਂ ਵੱਡਾ ਹਮਲਾ ਹੈ। ਇਸ ਹਮਲੇ ਤੋਂ ਬਾਅਦ ਦੁਨੀਆਂ ਦੀਆਂ ਵੱਡੀਆਂ ਟੀਮਾਂ ਨੇ ਪਾਕਿਸਤਾਨ 'ਚ ਖੇਡਣ ਤੋਂ ਮਨਾ ਕਰ ਦਿੱਤਾ। ਹਾਲਾਤ ਅਜਿਹੇ ਹਨ ਕਿ 2009 ਤੋਂ ਬਾਅਦ ਪਾਕਿਸਤਾਨ ਦੀ ਧਰਤੀ 'ਤੇ ਕੋਈ ਵੀ ਕੌਮਾਂਤਰੀ ਟੈਸਟ ਮੈਚ ਨਹੀਂ ਖੇਡਿਆ ਗਿਆ। ਸੁਰੱਖਿਆ ਕਾਰਨਾਂ ਕਰਕੇ ਸਾਰੇ ਦੇਸ਼ ਉੱਥੇ ਕ੍ਰਿਕਟ ਖੇਡਣ ਤੋਂ ਡਰਦੇ ਹਨ। ਹਾਲਾਂਕਿ 2015 ਵਿਚ ਜ਼ਿੰਬਾਬਵੇ ਟੀਮ ਨੇ ਪਾਕਿਸਤਾਨ ਦਾ ਦੌਰਾ ਕਰ ਕੇ ਫਿਰ ਤੋਂ ਕੌਮਾਂਤਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ ਪਰ ਫਿਰ ਵੀ ਜ਼ਿਆਦਾਤਰ ਦੇਸ਼ ਪਾਕਿਸਤਾਨ ਦਾ ਦੌਰਾ ਕਰਨ ਤੋਂ ਬਚਦੇ ਹਨ।