SRH vs PBKS, IPL 2024 : ਸਨਰਾਈਜ਼ਰਸ ਦੀਆਂ ਨਜ਼ਰਾਂ ਅੰਕ ਸੂਚੀ ''ਚ ਦੂਜੇ ਸਥਾਨ ''ਤੇ

Saturday, May 18, 2024 - 08:14 PM (IST)

ਹੈਦਰਾਬਾਦ : ਪਿਛਲੇ ਤਿੰਨ ਸਾਲਾਂ 'ਚ ਪਹਿਲੀ ਵਾਰ ਪਲੇਆਫ 'ਚ ਥਾਂ ਬਣਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਐਤਵਾਰ ਨੂੰ ਇੱਥੇ ਜਦੋਂ ਲੀਗ ਪੜਾਅ ਦੇ ਆਪਣੇ ਆਖਰੀ ਮੁਕਾਬਲੇ 'ਚ ਪੰਜਾਬ ਕਿੰਗਜ਼ ਖਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਉਸ ਦੀ ਕੋਸ਼ਿਸ਼ ਅੰਕ ਸੂਚੀ 'ਚ ਸਿਖਰਲੀਆਂ ਦੋ ਥਾਵਾਂ 'ਤੇ ਜਗ੍ਹਾ ਬਣਾਉਣ 'ਤੇ ਹੋਵੇਗੀ। ਆਈਪੀਐੱਲ ਦੇ ਪਿਛਲੇ ਤਿੰਨ ਸੈਸ਼ਨਾਂ 'ਚ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਰਹੀ ਸਨਰਾਈਜ਼ਰਸ ਦੀ ਟੀਮ ਨੇ ਇਸ ਸਾਲ ਹਮਲਾਵਰ ਬੱਲੇਬਾਜ਼ੀ ਦ੍ਰਿਸ਼ਟੀਕੋਣ ਅਤੇ ਬਿਹਤਰੀਨ ਗੇਂਦਬਾਜ਼ੀ ਨਾਲ ਖ਼ੁਦ ਨੂੰ ਖ਼ਿਤਾਬ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ 'ਚ ਸਥਾਪਤ ਕੀਤਾ ਹੈ। 

ਟੀਮ ਨੇ ਗੁਜਰਾਤ ਟਾਈਟਨਸ ਖ਼ਿਲਾਫ਼ ਪਿਛਲਾ ਮੈਚ ਬਾਰਿਸ਼ ਦੀ ਵਜ੍ਹਾ ਨਾਲ ਰੱਦ ਹੋ ਜਾਣ ਤੋਂ ਬਾਅਦ ਆਖ਼ਰੀ ਚਾਰ 'ਚ ਆਪਣੀ ਥਾਂ ਪੱਕੀ ਕੀਤੀ। ਸਨਰਾਈਜ਼ਰਸ ਹਾਲੇ 13 ਮੈਚਾਂ 'ਚ 15 ਅੰਕਾਂ ਨਾਲ ਸੂਚੀ 'ਚ ਤੀਜੇ ਸਥਾਨ 'ਤੇ ਹੈ। ਪੰਜਾਬ ਕਿੰਗਜ਼ ਨੂੰ ਹਰਾਉਣ ਤੋਂ ਬਾਅਦ ਟੀਮ 17 ਅੰਕਾਂ ਤੱਕ ਪਹੁੰਚ ਸਕਦੀ ਹੈ। ਐਤਵਾਰ ਨੂੰ ਖੇਡੇ ਜਾਣ ਵਾਲੇ ਇਕ ਹੋਰ ਮੈਚ 'ਚ ਜੇਕਰ ਸੰਜੂ ਸੈਮਸਨ ਦੀ ਅਗਵਾਈ ਵਾਲੀ ਰਾਜਸਥਾਨ ਰਾਇਲਸ ਦੀ ਟੀਮ ਕੋਲਕਾਤਾ (ਕੇਕੇਆਰ) ਨਾਈਟ ਰਾਈਡਰਸ ਨੂੰ ਹਰਾਉਣ 'ਚ ਸਫਲ ਰਹੀ ਤਾਂ ਉਸ ਦੇ 18 ਅੰਕ ਹੋ ਜਾਣਗੇ ਅਤੇ ਟੀਮ ਦੂਜੇ ਸਥਾਨ 'ਤੇ ਪਹੁੰਚ ਜਾਵੇਗੀ। ਕੇਕੇਆਰ ਦਾ ਸਿਖਰਲੀਆਂ ਦੋ ਥਾਵਾਂ 'ਤੇ ਰਹਿਣਾ ਪੱਕਾ ਹੈ। 

ਸਨਰਾਈਜ਼ਰਸ ਪਿਛਲੇ ਛੇ ਮੈਚਾਂ 'ਚ ਸਿਰਫ ਦੋ 'ਤੇ ਜਿੱਤ ਦਰਜ ਕਰਨ 'ਚ ਸਫਲ ਰਹੀ। ਉਸ ਨੂੰ ਤਿੰਨ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਇਕ ਮੈਚ ਬਾਰਿਸ਼ ਦੀ ਭੇਂਟ ਚੜ੍ਹ ਗਿਆ। ਟੀਮ ਦੇ ਹੌਸਲੇ ਹਾਲਾਂਕਿ ਇਸ ਗੱਲ ਤੋਂ ਬੁਲੰਦ ਹੋਣਗੇ ਕਿ ਗੁਜਰਾਤ ਖਿਲਾਫ਼ ਬਾਰਿਰਸ਼ ਕਾਰਨ ਮੈਚ ਰੱਦ ਹੋਣ ਤੋਂ ਪਹਿਲਾਂ ਉਸ ਵਿਚ ਲਖਨਊ ਸੁਪਰ ਜਾਇੰਟਸ (ਐੱਲਐੱਸਜੀ) ਨੂੰ 10 ਵਿਕਟਾਂ ਨਾਲ ਕਰਾਰੀ ਸ਼ਿਕਸਤ ਦਿੱਤੀ ਸੀ। ਟੀਮ ਦੇ ਦੋਵੇਂ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਅਤੇ ਅਭਿਸ਼ੇਕ ਸ਼ਰਮਾ ਸ਼ਾਨਦਾਰ ਲੈਅ 'ਚ ਹਨ ਅਤੇ ਧਮਾਕੇਦਾਰ ਬੱਲੇਬਾਜ਼ੀ ਨਾਲ ਵਿਰੋਧੀ ਗੇਂਦਬਾਜ਼ਾਂ 'ਚ ਖ਼ੌਫ਼ ਪੈਦਾ ਕਰਨ 'ਚ ਸਫਲ ਰਹੇ ਹਨ। ਇਸ ਵਿਚ ਹੈੱਡ ਜ਼ਿਆਦਾ ਹਮਲਾਵਰ ਰਹੇ ਹਨ। ਉਨ੍ਹਾਂ ਦੇ ਨਾਂ 11 ਮੈਚਾਂ 'ਚ 201.89 ਦੇ ਸ਼ਾਨਦਾਰ ਸਟ੍ਰਾਈਕ ਰੇਟ ਨਾਲ 533 ਦੌੜਾਂ ਹਨ।

ਮੌਜੂਦਾ ਸੈਸ਼ਨ 'ਚ ਉਹ ਵਿਰਾਟ ਕੋਹਲੀ (661 ਦੌੜਾਂ) ਅਤੇ ਰਿਤੂਰਾਜ ਗਾਇਕਵਾੜ (583 ਦੌੜਾਂ) ਤੋਂ ਬਾਅਦ ਤੀਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਸਨਰਾਈਜ਼ਰਸ ਦੇ ਸਲਾਮੀ ਬੱਲੇਬਾਜ਼ਾਂ ਦਾ ਅਜਿਹਾ ਦਬਦਬਾ ਰਿਹਾ ਹੈ ਕਿ ਮੱਧਕ੍ਰਮ ਨੂੰ ਦਬਾਅ ਦਾ ਸਾਹਮਣਾ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ ਹੈ। ਵਿਕਟਕੀਪਰ ਹੇਨਰਿਕ ਕਲਾਸੇਨ ਦੇ ਪ੍ਰਦਰਸ਼ਨ ਵਿਚ ਨਿਰੰਤਰਤਾ ਦੀ ਕਮੀ ਨਾਲ ਟੀਮ ਦੀ ਪਰੇਸ਼ਾਨੀ ਵਧੀ ਹੈ ਪਰ ਪਿਛਲੇ ਕੁਝ ਮੈਚਾਂ 'ਚ ਨਿਤੀਸ਼ ਕੁਮਾਰ ਰੈੱਡੀ ਨੇ ਬੱਲੇ ਨਾਲ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਕਪਤਾਨ ਪੈਟ ਕਮਿੰਸ, ਤਜਰਬੇਕਾਰ ਭੁਵਨੇਸ਼ਵਰ ਕੁਮਾਰ ਅਤੇ ਟੀ ਨਟਰਾਜਨ ਦੀ ਮੌਜੂਦਗੀ 'ਚ ਟੀਮ ਕੋਲ ਤੇਜ਼ ਗੇਂਦਬਾਜ਼ੀ 'ਚ ਸ਼ਾਨਦਾਰ ਬਦਲ ਹੈ। 

ਆਖਰੀ ਚਾਰ 'ਚ ਥਾਂ ਬਣਾਉਣ 'ਚ ਨਾਕਾਮ ਰਹਿਣ ਤੋਂ ਬਾਅਦ ਪੰਜਾਬ ਕਿੰਗਜ਼ ਲਈ ਇਹ ਮੌਕਾ ਖੁਦ ਨੂੰ ਸਾਬਿਤ ਕਰਨ ਦਾ ਹੋਵੇਗਾ। ਟੀਮ ਨੂੰ ਇਸ ਮੈਚ 'ਚ ਕਾਰਜਕਾਰੀ ਕਪਤਾਨ ਸੈਮ ਸੁਰੇਨ ਨਾਲ ਇੰਗਲੈਂਡ ਦੇ ਖਿਡਾਰੀਆਂ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਕੁਰੇਨ ਨੇ ਰਾਜਸਥਾਨ ਰਾਇਲਸ 'ਤੇ ਪੰਜ ਵਿਕਟ ਦੀ ਜਿੱਤ ਵਿਚ ਫ਼ੈਸਲਾਕੁੰਨ ਭੂਮਿਕਾ ਨਿਭਾਈ ਸੀ। ਕੁਰੇਨ ਦੇ ਸਵਦੇਸ਼ ਪਰਤਣ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਸੈਸ਼ਨ ਦੇ ਆਪਣੇ ਆਖਰੀ ਮੈਚ 'ਚ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ।

ਸੰਭਾਵਿਤ ਪਲੇਇੰਗ 11
ਸਨਰਾਈਜ਼ਰਸ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਬਦੁਲ ਸਮਦ, ਸ਼ਾਹਬਾਜ਼ ਅਹਿਮਦ, ਸਨਵੀਰ ਸਿੰਘ, ਪੈਟ ਕਮਿੰਸ (ਕਪਤਾਨ), ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ।

ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਅਰਥਵ ਤਾਇਡੇ, ਰਿਲੀ ਰੋਸੋ, ਸ਼ਸ਼ਾਂਕ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾਡ਼, ਹਰਸ਼ਲ ਪਟੇਲ (ਕਪਤਾਨ), ਰਾਹੁਲ ਚਾਹਰ, ਨਾਥਨ ਐਲਿਸ, ਅਰਸ਼ਦੀਪ ਸਿੰਘ।


Tarsem Singh

Content Editor

Related News