Sports warp up 06 ਜਨਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ
Sunday, Jan 06, 2019 - 11:18 PM (IST)
ਸਪੋਰਟਸ ਡੈੱਕਸ— ਸਿਡਨੀ ਟੈਸਟ 'ਚ ਕੋਹਲੀ ਬ੍ਰਿਗੇਡ ਨੇ ਕੰਗਾਰੂਆਂ ਨੂੰ ਉਸਦੇ ਘਰ 'ਚ ਫਾਲੋਆਨ ਦੇ ਕੇ ਇਕ ਨਵਾਂ ਕਾਰਨਾਮਾ ਕੀਤਾ ਹੈ, ਜੋ ਪਿਛਲੇ 31 ਸਾਲ 'ਚ ਕੋਈ ਵੀ ਟੀਮ ਨਹੀਂ ਕਰ ਸਕੀ ਸੀ। ਦੂਜੀ ਪਾਸੇ ਭਾਰਤ ਦੇ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਨੇ ਧਮਾਕੇਦਾਰ ਗੇਂਦਬਾਜ਼ੀ ਕਰ ਕਈ ਰਿਕਾਰਡ ਆਪਣੇ ਨਾਂ ਕੀਤਾ। ਅੱਜ ਦੇਸ਼ ਨੂੰ ਪਹਿਲਾਂ ਵਿਸ਼ਵ ਕੱਪ ਦਿਵਾਉਣ ਵਾਲੇ ਸਾਬਕਾ ਭਾਰਤੀ ਦਿੱਗਜ ਕਪਤਾਨ ਕਪਿਲ ਦੇਵ ਦਾ ਜਨਮਦਿਨ ਵੀ ਹੈ। ਦਿੱਗਜਾਂ ਨੇ ਉਨ੍ਹਾਂ ਨੂੰ ਆਪਣੇ-ਆਪਣੇ ਅੰਦਾਜ਼ 'ਚ ਸ਼ੁੱਭਕਾਮਨਾਵਾਂ ਦਿੱਤੀਆਂ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਚੌਥਾ ਟੈਸਟ : ਭਾਰਤ ਨੇ ਆਸਟਰੇਲੀਆ ਨੂੰ ਦਿੱਤਾ ਫਾਲੋਆਨ

ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ (99 ਦੌੜਾਂ 'ਤੇ 5 ਵਿਕਟਾਂ) ਦੇ ਪੰਜੇ ਨੇ ਆਸਟਰੇਲੀਆ ਨੂੰ ਚੌਥੇ ਤੇ ਆਖਰੀ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਫਾਲੋਆਨ ਦੀ ਸ਼ਰਮਿੰਦਗੀ ਝੱਲਣ ਲਈ ਮਜਬੂਰ ਕਰ ਦਿੱਤਾ ਤੇ ਇਸਦੇ ਨਾਲ ਹੀ ਭਾਰਤ ਨੇ ਆਸਟਰੇਲੀਆਈ ਧਰਤੀ 'ਤੇ ਪਿਛਲੇ 70 ਸਾਲਾਂ ਵਿਚ ਨਵਾਂ ਇਤਿਹਾਸ ਲਿਖਣਾ ਤੈਅ ਕਰ ਲਿਆ ਹੈ।
ਭਾਰਤ ਨੇ ਪਿਛਲੇ 70 ਸਾਲਾਂ ਵਿਚ ਆਸਟਰੇਲੀਆ ਦੀ ਧਰਤੀ 'ਤੇ ਕਦੇ ਟੈਸਟ ਸੀਰੀਜ਼ ਨਹੀਂ ਜਿੱਤੀ ਸੀ ਪਰ 2-1 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ ਹੁਣ ਜਾਂ ਤਾਂ ਇਹ ਸੀਰੀਜ਼ 3-1 ਨਾਲ ਜਿੱਤੇਗੀ ਜਾਂ ਫਿਰ ਸੀਰੀਜ਼ 2-1 ਨਾਲ ਉਸਦੇ ਨਾਂ ਹੋਵੇਗੀ। ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਨੇ ਆਸਟਰੇਲੀਆ ਨੂੰ ਫਾਲੋਆਨ ਦਾ ਜ਼ਖਮ ਦੇ ਦਿੱਤਾ ਹੈ ਤੇ ਹੁਣ ਮੈਚ ਦੇ ਪੰਜਵੇਂ ਦਿਨ ਜੇਕਰ ਮੌਸਮ ਠੀਕ ਰਿਹਾ ਤਾਂ ਉਸ ਨੂੰ ਆਸਟਰੇਲੀਆਈ ਪਾਰੀ ਨੂੰ ਢੇਰ ਕਰਨਾ ਹੋਵੇਗਾ।
ਕੁਲਦੀਪ ਦਾ ਪੰਜਾ, ਪਹਿਲੀ ਪਾਰੀ 'ਚ 5 ਵਿਕਟ ਲੈ ਕੇ ਬਣਾਏ ਇਹ ਰਿਕਾਰਡ

ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦਾ ਆਗਾਜ਼ ਮੀਂਹ ਦੇ ਚਲਦੇ ਲਗਭਗ ਦੂਜੇ ਸੈਸ਼ਨ ਦੇ ਅੱਧੇ ਸਮੇਂ ਬਾਅਦ ਸ਼ੁਰੂ ਹੋਇਆ। ਇਸ ਸੀਰੀਜ਼ ਦਾ ਪਹਿਲਾ ਟੈਸਟ ਮੈਚ ਖੇਡ ਰਹੇ ਕੁਲਦੀਪ ਯਾਦਵ ਦੀ ਫਿਰਕੀ ਦੇ ਅੱਗੇ ਮੇਜ਼ਬਾਨ ਆਸਟਰੇਲੀਆ ਦੇ ਬੱਲੇਬਾਜ਼ ਪਰੇਸ਼ਾਨ ਨਜ਼ਰ ਆਏ। 24 ਸਾਲਾ ਖੱਬੇ ਹੱਥ ਦੇ ਕਲਾਈ ਸਪਿਨਰ ਕੁਲਦੀਪ ਨੇ ਆਪਣੀ ਗੇਂਦਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਪਾਰੀ 'ਚ ਪੰਜ ਵਿਕਟ ਲੈ ਕੇ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ।
ਕੁਲਦੀਪ ਨੇ ਸਿਡਨੀ ਟੈਸਟ ਮੈਚ ਦੀ ਪਹਿਲੀ ਪਾਰੀ 'ਚ 99 ਦੌੜਾਂ ਦੇ ਕੇ ਪੰਜ ਵਿਕਟ ਝਟਕਾਏ। ਇਹ ਆਸਟਰੇਲੀਆ ਦੀ ਧਰਤੀ 'ਤੇ 2008 ਦੇ ਬਾਅਦ ਕਿਸੇ ਵੀ ਭਾਰਤੀ ਸਪਿਨਰ ਵੱਲੋਂ ਕੀਤਾ ਗਿਆ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਅਨਿਲ ਕੁੰਬਲੇ ਨੇ 2008-09 'ਚ ਸਿਡਨੀ 'ਚ 106 ਦੌੜਾਂ ਦੇ ਕੇ ਚਾਰ ਵਿਕਟ ਝਟਕੇ ਸਨ। ਇਸ ਤੋਂ ਪਹਿਲਾਂ ਵੀ ਅਨਿਲ ਕੁੰਬਲੇ ਨੇ ਹੀ 2008 'ਚ ਹੀ 145 ਦੌੜਾਂ ਦੇ ਕੇ ਚਾਰ ਸ਼ਿਕਾਰ ਕੀਤੇ ਸਨ। ਇਸ ਤੋਂ ਇਲਾਵਾ ਅਸ਼ਵਿਨ ਨੇ 2015 'ਚ 105 ਦੌੜਾਂ ਦੇ ਕੇ ਚਾਰ ਵਿਕਟ ਝਟਕਾਏ ਸਨ।
B'day Special : ਕਪਿਲ ਦੇਵ, ਜਿਸ ਨੇ ਭਾਰਤ ਨੂੰ ਦਿਵਾਇਆ ਪਹਿਲਾ ਵਿਸ਼ਵ ਕੱਪ

ਦੇਸ਼, ਵਿਦੇਸ਼ ਦਾ ਅਜਿਹਾ ਕਿਹੜਾ ਕ੍ਰਿਕਟ ਪ੍ਰੇਮੀ ਹੋਵੇਗਾ ਜੋ ਕਪਿਲ ਦੇਵ ਦੇ ਨਾਂ ਤੋਂ ਵਾਕਫ ਨਾ ਹੋਵੇ। ਅੱਜ ਇਸ ਮਹਾਨ ਖਿਡਾਰੀ ਦਾ 60ਵਾਂ ਜਨਮ ਦਿਨ ਹੈ। 6 ਜਨਵਰੀ 1959 ਨੂੰ ਕਪਿਲ ਦੇਵ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ। ਉਦੋਂ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਹ ਨੰਨ੍ਹਾ ਜਿਹਾ ਬੱਚਾ ਇਕ ਦਿਨ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣੇਗਾ।ਕਪਿਲ ਦੇਵ ਭਾਰਤੀ ਕ੍ਰਿਕਟ ਦੀ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਦੁਨੀਆ ਦੇ ਮਹਾਨ ਆਲਰਾਊਂਡਰਾ ਦੀ ਜਮਾਤ 'ਚ ਸ਼ਾਮਲ ਕੀਤਾ ਜਾਂਦਾ ਹੈ। 20ਵੀਂ ਸਦੀ ਦਾ ਸਾਲ 1983 ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਲਈ ਜਸ਼ਨ ਲੈ ਕੇ ਆਇਆ ਜਦੋਂ ਕਪਿਲ ਦੇਵ ਦੀ ਕਪਤਾਨੀ 'ਚ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ।
ਕੋਹਲੀ ਬ੍ਰਿਗੇਡ ਨੇ ਤੋੜਿਆ ਕੰਗਾਰੂਆਂ ਦਾ ਹੰਕਾਰ, ਚੌਥੀ ਵਾਰ ਕਰਵਾਇਆ ਫਾਲੋਆਨ

ਭਾਰਤ ਨੇ ਆਸਟਰੇਲੀਆ ਤੋਂ ਚੌਥੀ ਵਾਰ ਫਾਲੋਆਨ ਕਰਵਾਇਆ। ਇਸ ਤੋਂ ਪਹਿਲਾਂ ਭਾਰਤ ਨੇ 1986 ਵਿਚ ਸਿਡਨੀ ਵਿਚ ਨਵੇਂ ਸਾਲ ਵਿਚ ਆਸਟਰੇਲੀਆ ਨੂੰ ਫਾਲੋਆਨ ਕਰਵਾਇਆ ਸੀ। ਭਾਰਤ ਨੇ ਇਸ ਤੋਂ ਇਲਾਵਾ 1979-80 ਦੀ ਘਰੇਲੂ ਸੀਰੀਜ਼ 'ਚ ਆਸਟਰੇਲੀਆ ਨੂੰ ਦਿੱਲੀ ਤੇ ਮੁੰਬਈ ਵਿਚ ਫਾਲੋਆਨ ਕਰਵਾਇਆ ਸੀ।
ਯੁਵਰਾਜ ਨੂੰ ਵਿਸ਼ਵ ਕੱਪ ਦੇ ਲਈ ਟੀਮ 'ਚ ਵਾਪਸੀ ਦੀ ਉਮੀਦ

2011 ਵਿਸ਼ਵ ਕੱਪ ਦੇ ਹੀਰੋ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਨੇ ਐਤਵਾਰ ਨੂੰ ਕੋਲਕਾਤਾ 'ਚ ਕਿਹਾ ਉਹ ਵਿਸ਼ਵ ਕੱਪ ਦੀ ਟੀਮ 'ਚ ਜਗ੍ਹਾ ਬਣਾਉਣ ਦੇ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਬੰਗਾਲ ਦੇ ਵਿਰੁੱਧ ਰਣਜੀ ਟਰਾਫੀ ਮੈਚ ਦੇ ਲਈ ਕੋਲਕਾਤਾ ਪਹੁੰਚੇ ਯੁਵਰਾਜ ਨੇ ਕਿਹਾ ਕਿ ਕ੍ਰਿਕਟ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ ਇਸ ਖੇਡ ਤੋਂ ਸੰਨਿਆਸ ਲਵਾਂਗਾ ਤਾਂ ਆਪਣੀ ਧਮਾਕੇਦਾਰ ਫਾਰਮ 'ਚ ਰਹਾਂ, ਮੈਂ ਕਿਸੇ ਪਛਤਾਵੇ ਦੇ ਨਾਲ ਨਹੀਂ ਜਾਣਾ ਚਾਹੁੰਦਾ ਹਾਂ।
ਦੱ. ਅਫਰੀਕਾ ਨੇ ਪਾਕਿਸਤਾਨ ਤੋਂ ਸੀਰੀਜ਼ ਜਿੱਤੀ

ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਦੂਜੇ ਕ੍ਰਿਕਟ ਟੈਸਟ ਵਿਚ ਚੌਥੇ ਦਿਨ ਐਤਵਾਰ ਨੂੰ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਦੱ. ਅਫਰੀਕਾ ਨੂੰ ਜਿੱਤ ਲਈ 41 ਦੌੜਾਂ ਬਣਾਉਣੀਆਂ ਸਨ ਤੇ ਸਵੇਰੇ ਉਸ ਨੇ 9.5 ਓਵਰਾਂ 'ਚ ਇਕ ਵਿਕਟ 'ਤੇ 43 ਦੌੜਾਂ ਬਣਾ ਕੇ ਸੀਰੀਜ਼ ਆਪਣੇ ਨਾਂ ਕਰ ਲਈ। ਥਿਊਨਸ ਡੀ ਬਿਊਰਨ ਚਾਰ ਦੌੜਾਂ ਬਣਾ ਕੇ ਮੁਹੰਮਦ ਅੱਬਾਸ ਦਾ ਸ਼ਿਕਾਰ ਬਣਿਆ, ਜਦਕਿ ਹਾਸ਼ਿਮ ਅਮਲਾ 2 ਦੌੜਾਂ ਬਣਾ ਕੇ ਰਿਟਰਾਇਡ ਹਰਟ ਹੋਇਆ। ਡੀਨ ਐਲਗਰ ਨੇ ਅਜੇਤੂ 24 ਦੌੜਾਂ ਤੇ ਕਪਤਾਨ ਫਾਫ ਡੂ ਪਲੇਸਿਸ ਨੇ ਅਜੇਤੂ 3 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਨੂੰ ਜਿੱਤ ਦਿਵਾ ਦਿੱਤੀ। ਐਲਗਰ ਨੇ 39 ਗੇਂਦਾਂ ਦੀ ਪਾਰੀ 'ਚ 4 ਚੌਕੇ ਲਾਏ।
ਭਾਰਤ ਨੇ 33 ਸਾਲ ਬਾਅਦ ਥਾਈਲੈਂਡ ਨੂੰ ਹਰਾਇਆ

ਕਪਤਾਨ ਸੁਨੀਲ ਸ਼ੇਤਰੀ ਦੇ ਦੋ ਸ਼ਾਨਦਾਰ ਗੋਲਾਂ ਦੇ ਦਮ 'ਤੇ ਭਾਰਤ ਨੇ ਏ. ਐੱਫ. ਸੀ. ਏਸ਼ੀਅਨ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ ਜ਼ਬਰਦਸਤ ਸ਼ੁਰੂਆਤ ਕਰਦਿਆਂ ਥਾਈਲੈਂਡ ਨੂੰ ਐਤਵਾਰ ਨੂੰ 4-1 ਨਾਲ ਹਰਾ ਕੇ ਇਤਿਹਾਸ ਜਿੱਤ ਦਰਜ ਕੀਤੀ। ਭਾਰਤ ਨੇ ਇਸ ਤਰ੍ਹਾਂ ਥਾਈਲੈਂਡ ਵਿਰੁੱਧ 33 ਸਾਲ ਦੇ ਲੰਬੇ ਸਮੇਂ ਬਾਅਦ ਜਿੱਤ ਹਾਸਲ ਕੀਤੀ। ਭਾਰਤ ਦੀ ਥਾਈਲੈਂਡ ਵਿਰੁੱਧ ਇਹ 1986 ਵਿਚ ਮਰਦੇਕਾ ਕੱਪ ਵਿਚ ਮਿਲੀ ਜਿੱਤ ਤੋਂ ਬਾਅਦ ਪਹਿਲੀ ਜਿੱਤ ਹੈ।
250ਵੀਂ ਜਿੱਤ ਨਾਲ ਬਤਿਸਤਾ ਆਗੁਤ ਬਣੇ ਕਤਰ ਓਪਨ ਚੈਂਪੀਅਨ

ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਉਣ ਵਾਲੇ ਸਪੇਨ ਦੇ ਰਾਬਰਟੋ ਬਤਿਸਤਾ ਆਗੁਤ ਨੇ ਚੈਕ ਗਣਰਾਜ ਦੇ ਟਾਮਸ ਬੇਰਦਿਚ ਨੂੰ ਫਾਈਨਲ ਵਿਚ 3 ਸੈਟਾਂ ਨਾਲ ਹਰਾ ਕੇ ਕਤਰ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਵਿਸ਼ਵ ਦੇ 24ਵੇਂ ਨੰਬਰ ਦੇ ਖਿਡਾਰੀ ਰਾਬਰਟੋ ਬਤਿਸਤਾ ਆਗੁਤ ਨੇ ਸੈਮੀਫਾਈਨਲ ਵਿਚ ਚੋਟੀ ਦਰਜਾ ਪ੍ਰਾਪਤ ਜੋਕੋਵਿਚ ਨੂੰ ਹਰਾਇਆ ਸੀ ਅਤੇ ਇਸ ਪ੍ਰਦਰਸ਼ਨ ਨੂੰ ਉਸ ਨੇ ਫਾਈਨਲ ਵਿਚ ਵੀ ਬਰਕਰਾਰ ਰੱਖਦਿਆਂ ਬੇਰਦਿਚ ਨੂੰ 6-4, 3-6, 6-3 ਨਾਲ ਹਰਾ ਕੇ ਕਤਰ ਓਪਨ ਦਾ ਖਿਤਾਬ ਜਿੱਤ ਲਿਆ ਜੋ ਉਸ ਦਾ 9ਵਾਂ ਏ. ਟੀ. ਪੀ. ਟੂਰ ਖਿਤਾਬ ਹੈ। ਬਤਿਸਤਾ ਆਗੁਤ ਇਸ ਜਿੱਤ ਦੇ ਨਾਲ ਰਾਫੇਲ ਨਡਾਲ (2014) ਅਤੇ ਡੇਵਿਡ ਫੇਰਰ (2015) ਤੋਂ ਬਾਅਦ ਦੋਹੇ ਵਿਚ ਖਿਤਾਬ ਜਿੱਤਣ ਵਾਲੇ ਸਪੇਨ ਦੇ ਤੀਜੇ ਖਿਡਾਰੀ ਬਣ ਗਏ ਹਨ। ਬਤਿਸਤਾ ਆਗੁਤ ਦੀ ਇਹ 250ਵੀਂ ਏ. ਟੀ. ਪੀ. ਜਿੱਤ ਸੀ। ਆਪਣੀ ਜਿੱਤ ਤੋਂ ਬਾਅਦ ਬਤਿਸਤਾ ਆਗੁਤ ਨੇ ਕਿਹਾ ਕਿ ਸੈਸ਼ਨ ਦੀ ਸ਼ੁਰੂਆਤ ਖਿਤਾਬ ਦੇ ਨਾਲ ਕਰਨਾ ਚੰਗਾ ਹੈ ਅਤੇ ਹੁਣ ਉਸ ਦਾ ਟੀਚਾ ਆਪਣੀ ਰੈਂਕਿੰਗ ਵਿਚ ਸੁਧਾਰ ਕਰ ਕੇ ਚੋਟੀ 10 ਵਿਚ ਪਹੁੰਚਣਾ ਹੈ। ਬਤਿਸਤਾ ਆਗੁਤ ਨੂੰ ਇਸ ਜਿੱਤ ਨਾਲ 250 ਅੰਕ ਅਤੇ 219, 755 ਡਾਲਰ ਮਿਲੇ ਜਦਕਿ ਬੇਰਦਿਚ ਦੇ ਹਿੱਸੇ ਵਿਚ 150 ਅੰਕ ਅਤੇ 118, 320 ਡਾਲਰ ਆਏ।
ਅਭਿਮਨਿਊ ਨੇ ਰੋਕਿਆ ਮਿਨ੍ਹ ਟ੍ਰਾਨ ਦਾ ਜੇਤੂ ਰੱਥ

ਮੁੰਬਈ ਇੰਟਰਨੈਸ਼ਨਲ ਚੈਂਪੀਅਨਸ਼ਿਪ ਵਿਚ ਸਭ ਤੋਂ ਅੱਗੇ ਚੱਲ ਰਹੇ ਵੀਅਤਨਾਮ ਦੇ ਗ੍ਰੈਂਡ ਮਾਸਟਰ ਮਿਨ੍ਹ ਟ੍ਰਾਨ ਨੂੰ ਭਾਰਤ ਦੇ ਗ੍ਰੈਂਡ ਮਾਸਟਰ ਤੇ ਵਿਸ਼ਵ ਜੂਨੀਅਰ ਸ਼ਤਰੰਜ ਉਪ ਜੇਤੂ ਅਭਿਮਨਿਊ ਪੌਰਾਣਿਕ ਨੇ ਹਰਾਉਂਦਿਆਂ ਉਸਦੇ ਜੇਤੂ ਰੱਥ ਨੂੰ ਰੋਕ ਦਿੱਤਾ। ਇਸਦੇ ਨਾਲ ਹੀ ਚੈਂਪੀਅਨਸ਼ਿਪ ਇਕ ਵਾਰ ਫਿਰ ਖੁੱਲ੍ਹ ਗਈ। ਅਜਿਹੇ ਵਿਚ ਹੁਣ ਅਭਿਮਨਿਊ ਸਮੇਤ ਕੋਈ ਹੋਰ ਖਿਡਾਰੀ ਵੀ ਜੇਤੂ ਬਣ ਸਕਦਾ ਹੈ।
ਅੱਜ ਜਦੋਂ ਮੁਕਾਬਲੇ ਸ਼ੁਰੂ ਹੋਏ ਤਾਂ ਮਿਨ੍ਹ 6.5 ਅੰਕਾਂ ਨਾਲ ਸਿੰਗਲ ਬੜ੍ਹਤ 'ਤੇ ਸੀ ਤੇ ਅਭਿਮਨਿਊ ਸਮੇਤ 6 ਹੋਰ ਖਿਡਾਰੀ 5.5 ਅੰਕਾਂ 'ਤੇ ਖੇਡ ਰਹੇ ਸਨ। ਅਭਿਮਨਿਊ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ 26 ਚਾਲਾਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।
ਕੋਹਲੀ ਦੇ ਸਾਮਰਾਜ ਦਾ ਅਨਮੋਲ ਰਤਨ ਹੈ ਪੁਜਾਰਾ : ਚੈਪਲ

ਕਿਸੇ ਦੀ ਸ਼ਲਾਘਾ ਕਰਨ ਵਿਚ ਕੰਜੂਸੀ ਲਈ ਮਸ਼ਹੂਰ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਇਯਾਨ ਚੈਪਲ ਨੇ ਮੌਜੂਦਾ ਲੜੀ ਵਿਚ ਦੌੜਾਂ ਦਾ ਅੰਬਾਰ ਲਾਉਣ ਵਾਲੇ ਭਾਰਤੀ ਕ੍ਰਿਕਟਰ ਚੇਤੇਸ਼ਵਰ ਪੁਜਾਰਾ ਨੂੰ ਵਿਰਾਟ ਕੋਹਲੀ ਦੇ 'ਸਾਮਰਾਜ' ਦਾ 'ਸਭ ਤੋਂ ਅਨਮੋਲ ਰਤਨ' ਕਰਾਰ ਦਿੱਤਾ ਹੈ। ਚੈਪਲ ਨੇ ਕਿਹਾ, ''ਪੁਜਾਰਾ ਨੇ ਇਕੱਲੇ ਆਪਣੇ ਦਮ 'ਤੇ ਆਸਟਰੇਲੀਆਈ ਗੇਂਦਬਾਜ਼ਾਂ ਨੂੰ ਥਕਾਉਣ ਦੇ ਨਾਲ ਟੀਮ ਦੇ ਖਿਡਾਰੀਆਂ ਨੂੰ ਉਨ੍ਹਾਂ ਵਿਰੁੱਧ ਹਮਲਾਵਰ ਹੋਣ ਦਾ ਮੌਕਾ ਦਿੱਤਾ।''
