ਖੇਡ ਮੰਤਰੀ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂਆਂ ਨੂੰ ਕੀਤਾ ਸਨਮਾਨਿਤ
Wednesday, Sep 25, 2019 - 03:37 AM (IST)

ਨਵੀਂ ਦਿੱਲੀ- ਖੇਡ ਮੰਤਰੀ ਕਿਰੇਨ ਰਿਜਿਜੂ ਨੇ ਕਜ਼ਾਕਿਸਤਾਨ ਦੇ ਨੂਰ-ਸੁਲਤਾਨ ਵਿਚ ਹਾਲ ਹੀ ਵਿਚ ਖਤਮ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਤਮਗਾ ਜਿੱਤਣ ਵਾਲੇ ਭਾਰਤੀ ਪਹਿਲਵਾਨਾਂ ਨੂੰ ਮੰਗਲਵਾਰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਭਾਰਤ ਨੇ 1 ਚਾਂਦੀ ਤੇ 4 ਕਾਂਸੀ ਤਮਗਿਆਂ ਨਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਹੁਣ ਤਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਭਾਰਤ ਨੇ ਇਸ ਤੋਂ ਪਹਿਲਾਂ 2013 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦਿਆਂ ਇਕ ਚਾਂਦੀ ਤੇ ਦੋ ਕਾਂਸੀ ਤਮਗੇ ਜਿੱਤੇ ਸਨ।
ਪੁਰਸ਼ 86 ਕਿ. ਗ੍ਰਾ. ਭਾਰ ਵਰਗ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਦੀਪਕ ਪੂਨੀਆ ਨੂੰ 7 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ, ਜਦਕਿ ਕਾਂਸੀ ਤਮਗਾ ਜਿੱਤਣ ਵਾਲੇ ਬਜਰੰਗ ਪੂਨੀਆ (65 ਕਿ. ਗ੍ਰਾ.), ਵਿਨੇਸ਼ ਫੋਗਟ (ਮਹਿਲਾ 53 ਕਿ. ਗ੍ਰਾ.), ਰਾਹੁਲ ਅਵਾਰੇ (ਪੁਰਸ਼ 61 ਕਿ. ਗ੍ਰਾ.) ਤੇ ਰਵੀ ਦਹੀਆ (ਪੁਰਸ਼ 57 ਕਿ. ਗ੍ਰਾ.) ਨੂੰ ਚਾਰ-ਚਾਰ ਲੱਖ ਰੁਪਏ ਦਿੱਤੇ ਗਏ।
ਦੀਪਕ, ਬਜਰੰਗ, ਵਿਨੇਸ਼ ਤੇ ਰਵੀ ਨੇ ਇਸ ਦੌਰਾਨ ਓਲੰਪਿਕ ਕੋਟਾ ਵੀ ਹਾਸਲ ਕੀਤਾ। ਰਾਹੁਲ ਦਾ ਪੁਰਸ਼ 61 ਕਿ. ਗ੍ਰਾ. ਭਾਰ ਵਰਗ ਓਲੰਪਿਕ ਦਾ ਹਿੱਸਾ ਨਹੀਂ ਸੀ। ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਚਾਰ ਓਲੰਪਿਕ ਕੋਟਾ ਸਥਾਨ ਹਾਸਲ ਕੀਤੇ ਹਨ। ਚਾਰ ਸਾਲ ਪਹਿਲਾਂ ਭਾਰਤ ਨੂੰ ਸਿਰਫ ਇਕ ਓਲੰਪਿਕ ਕੋਟਾ ਮਿਲਿਆ ਸੀ।