ਸਪੀਡ ਚੈੱਸ ਸ਼ਤਰੰਜ-ਵਿਸ਼ਵ ਨੰਬਰ-2 ਕਰੂਆਨਾ ਨੂੰ ਜਾਨ ਡੂਡਾ ਨੇ ਹਰਾਇਆ
Monday, Nov 16, 2020 - 08:59 PM (IST)
ਪੋਲੈਂਡ (ਨਿਕਲੇਸ਼ ਜੈਨ)– ਸਪੀਡ ਚੈੱਸ ਆਨਲਾਈਨ ਸ਼ਤਰੰਜ ਵਿਚ ਹੁਣ ਜਲਦ ਹੀ ਆਖਰੀ-8 ਖਿਡਾਰੀਆਂ ਦੇ ਨਾਂ ਤੈਅ ਹੋ ਜਾਣਗੇ। 7ਵੇਂ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਪੋਲੈਂਡ ਦੇ ਜਾਨ ਡੂਡਾ ਨੇ ਵਿਸ਼ਵ ਨੰਬਰ-2 ਅਮਰੀਕਾ ਦੇ ਫਬਿਆਨੋ ਕਰੂਆਨਾ ਨੂੰ ਹਰਾਉਂਦੇ ਹੋਏ ਉਸ ਟੂਰਨਾਮੈਂਟ ਵਿਚੋਂ ਬਾਹਰ ਕਰ ਦਿੱਤਾ ਤੇ ਹੁਣ ਉਹ ਕੁਆਰਟਰ ਫਾਈਨਲ ਵਿਚ ਅਮਰੀਕਾ ਦੇ ਹੀ ਵੇਸਲੀ ਸੋ ਨਾਲ ਮੁਕਾਬਲਾ ਖੇਡੇਗਾ। ਵੱਡੀ ਗੱਲ ਇਹ ਰਹੀ ਕਿ ਜਾਨ ਡੂਡਾ ਨੇ ਫਬਿਆਨੋ ਕਰੂਆਨਾ ਨੂੰ 17-9 ਦੇ ਵੱਡੇ ਫਰਕ ਨਾਲ ਹਰਾਇਆ। ਪਹਿਲੇ ਸੈੱਟ ਵਿਚ 90 ਮਿੰਟ ਤਕ 5+1 ਮਿੰਟ ਦੇ 9 ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿਚ ਇਕ ਸਮੇਂ 4-1 ਦੀ ਬੜ੍ਹਤ ਬਣਾ ਚੁੱਕੇ ਕਰੂਆਨਾ ਨੂੰ ਡੂਡਾ ਹੱਥੋਂ ਲਗਾਤਾਰ 4 ਜਿੱਤਾਂ ਦੇ ਕਾਰਣ 5-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੂਜੇ ਸੈੱਟ ਵਿਚ 60 ਮਿੰਟ ਤਕ ਮੁਕਾਬਲਾ ਬਹੁਤ ਸਖਤ ਰਿਹਾ ਤੇ ਫਬਿਆਨੋ ਨੇ 2 ਮੁਕਾਬਲੇ ਜਿੱਤੇ ਤੇ 2 ਮੁਕਾਬਲੇ ਡੂਡਾ ਨੇ ਆਪਣੇ ਨਾਂ ਕੀਤੇ ਤੇ 4 ਮੁਕਾਬਲੇ ਡਰਾਅ ਰਹੇ ਤੇ ਸਕੋਰ ਇਸ ਸੈੱਟ ਵਿਚ 4-4 ਰਿਹਾ ਤੇ ਕੁਲ ਮਿਲਾ ਕੇ ਜਾਨ ਡੂਡਾ 9-8 ਨਾਲ ਅੱਗੇ ਸੀ। ਪਰ ਤੀਜੇ ਸੈੱਟ ਵਿਚ ਜਦੋਂ ਵਾਰੀ ਆਈ 1+1 ਮਿੰਟ ਦੇ ਬੁਲੇਟ ਮੁਕਾਬਲੇ ਦੀ ਤਾਂ ਇੱਥੇ ਡੂਡਾ ਨੇ 8-1 ਦੇ ਇਕਪਾਸੜ ਸਕੋਰ ਨਾਲ ਫਬਿਆਨੋ ਕਰੂਆਨਾ ਨੂੰ ਹਰਾ ਦਿੱਤਾ ਤੇ ਕੁਲ ਸਕੋਰ 17-9 ਨਾਲ ਆਪਣੇ ਪੱਖ ਵਿਚ ਕਰਦੇ ਹੋਏ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।