22 ਸਾਲ ਪਹਿਲਾਂ ਗਾਂਗੁਲੀ-ਦ੍ਰਾਵਿੜ ਨੇ ਰਚਿਆ ਸੀ ਇਤਿਹਾਸ, ODI ’ਚ ਕੀਤੀ ਸੀ 318 ਦੌੜਾਂ ਦੀ ਰਿਕਾਰਡ ਸਾਂਝੇਦਾਰੀ

Wednesday, May 26, 2021 - 06:16 PM (IST)

22 ਸਾਲ ਪਹਿਲਾਂ ਗਾਂਗੁਲੀ-ਦ੍ਰਾਵਿੜ ਨੇ ਰਚਿਆ ਸੀ ਇਤਿਹਾਸ, ODI ’ਚ ਕੀਤੀ ਸੀ 318 ਦੌੜਾਂ ਦੀ ਰਿਕਾਰਡ ਸਾਂਝੇਦਾਰੀ

ਸਪੋਰਟਸ ਡੈਸਕ— ਅੱਜ ਦੇ ਦਿਨ 22 ਸਾਲ ਪਹਿਲਾਂ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤੇ ਰਾਹੁਲ ਦ੍ਰਾਵਿੜ ਨੇ ਇਤਿਹਾਸ ਰਚ ਦਿੱਤਾ ਸੀ। ਹਾਂਜੀ, 1999 ਵਰਲਡ ਕੱਪ ਦੇ 21ਵੇਂ ਮੁਕਾਬਲੇ ’ਚ ਸ਼੍ਰੀਲੰਕਾ ਖ਼ਿਲਾਫ਼ ਇਨ੍ਹਾਂ ਦੋਹਾਂ ਬੱਲੇਬਾਜ਼ਾਂ ਨੇ ਬਿਹਤਰੀਨ ਬੱਲੇਬਾਜ਼ੀ ਕੀਤੀ ਸੀ। ਗਾਂਗੁਲੀ ਤੇ ਦ੍ਰਾਵਿੜ ਵਿਚਾਲੇ ਦੂਜੇ ਵਿਕਟ ਲਈ 318 ਦੌੜਾਂ ਦੀ ਵੱਡੀ ਸਾਂਝੇਦਾਰੀ ਹੋਈ ਸੀ। ਉਸ ਸਮੇਂ ਵਨ-ਡੇ ਕ੍ਰਿਕਟ ਇਤਿਹਾਸ ’ਚ ਇਹ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਸੀ। ਇਸ ਮੈਚ ’ਚ ਗਾਂਗੁਲੀ ਨੇ 158 ਗੇਂਦਾਂ ’ਚ 17 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 183 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ ਸੀ ਜਦਕਿ ਦ੍ਰਾਵਿੜ ਨੇ 145 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਨ੍ਹਾਂ ਨੇ 17 ਚੌਕੇ ਤੇ ਇਕ ਛੱਕਾ ਲਾਇਆ ਸੀ। ਜ਼ਿਕਰਯੋਗ ਹੈ ਕਿ ਇਸ ਵਿਸ਼ਵ ਕੱਪ ’ਚ ਭਾਰਤੀ ਟੀਮ ਸੈਮੀਫ਼ਾਈਨਲ ਤਕ ਵੀ ਨਹੀਂ ਪਹੁੰਚ ਸਕੀ ਸੀ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਫਸੇ ਉਮਰ ਅਕਮਲ ਨੇ ਜੁਰਮਾਨੇ ’ਚ ਅਦਾ ਕੀਤੀ ਵੱਡੀ ਰਕਮ

ਜੇਕਰ ਮੈਚ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 6 ਵਿਕਟਾਂ ਦੇ ਨੁਕਸਾਨ ’ਤੇ 373 ਦੌੜਾਂ ਬਣਾਈਆਂ। ਜਵਾਬ ’ਚ ਸ਼੍ਰੀਲੰਕਾਈ ਟੀਮ ਸਿਰਫ਼ 216 ਦੌੜਾਂ ’ਤੇ ਸਿਮਟ ਗਈ। ਇਹ ਮੁਕਾਬਲਾ ਭਾਰਤ ਨੇ 157 ਦੌੜਾਂ ਨਾਲ ਜਿੱਤਿਆ ਸੀ। ਇਸ ਮੈਚ ’ਚ ਭਾਰਤ ਵੱਲੋਂ ਰਾਬਿਨ ਸਿੰਘ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਸੀ। ਉਨ੍ਹਾਂ ਨੇ 31 ਦੌੜਾਂ ਦੇ ਕੇ 5 ਵਿਕਟਾਂ ਝਟਕਾਈਆਂ ਸਨ। ਦਸ ਦਈਏ ਕਿ ਗਾਂਗੁਲੀ ਤੇ ਦ੍ਰਾਵਿੜ ਦਾ ਇਹ ਵਰਲਡ ਰਿਕਾਰਡ ਜ਼ਿਆਦਾ ਦਿਨਾਂ ਤਕ ਨਹੀਂ ਟਿਕ ਸਕਿਆ। 6 ਮਹੀਨੇ ਬਾਅਦ ਹੀ ਰਾਹੁਲ ਦ੍ਰਾਵਿੜ ਨੇ ਸਚਿਨ ਤੇਂਦੁਲਕਰ ਦੇ ਨਾਲ ਨਿਊਜ਼ੀਲੈਂਡ ਖ਼ਿਲਾਫ਼ ਹੈਦਰਾਬਾਦ ’ਚ 331 ਦੌੜਾਂ ਜੋੜ ਕੇ ਇਸ ਰਿਕਾਰਡ ਨੂੰ ਤੋੜ ਦਿੱਤਾ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News