ਫਿਰ ਫਾਈਨਲ ਚ ਹਾਰੀ ਸਿੰਧੂ, ਵਿਸ਼ਵ ਚੈਂਪੀਅਨਸ਼ਿਪ ''ਚ ਮਿਲਿਆ ਚਾਂਦੀ ਦਾ ਤਮਗਾ

Sunday, Aug 05, 2018 - 03:53 PM (IST)

ਫਿਰ ਫਾਈਨਲ ਚ ਹਾਰੀ ਸਿੰਧੂ, ਵਿਸ਼ਵ ਚੈਂਪੀਅਨਸ਼ਿਪ ''ਚ ਮਿਲਿਆ ਚਾਂਦੀ ਦਾ ਤਮਗਾ

ਨਾਨਜਿੰਗ : ਪੀ. ਵੀ. ਸਿੰਧੂ ਨੂੰ ਇਕ ਵਾਰ ਫਿਰ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਉਪ-ਜੇਤੂ ਬਣ ਕੇ ਸਬਰ ਕਰਨਾ ਪਿਆ ਜਦੋਂ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਫਾਈਨਲ 'ਚ ਅੱਜ ਕੈਰੋਲਿਨਾ ਮਾਰਿਨ ਖਿਲਾਫ ਹਾਰ ਗਈ। ਓਲੰਪਿਕ ਚਾਂਦੀ ਤਮਗਾ ਜੇਤੂ ਸਿੰਧੂ ਨੂੰ  ਸਪੇਨ ਦੀ ਓਲੰਪਿਕ ਚੈਂਪੀਅਨ ਮਾਰਿਨ ਖਿਲਾਫ 19-21 10-21 ਦੀ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਪਿਛਲੇ ਸਾਲ ਗਲਾਸਗੋ 'ਚ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਖਿਲਾਫ ਮਾਤ ਝਲਣ ਵਾਲੀ 23 ਸਾਲਾਂ ਸਿੰਧੂ ਦੇ ਕੋਲ ਮਾਰਿਨ ਦੀ ਰਫਤਾਰ ਦਾ ਕੋਈ ਜਵਾਬ ਨਹੀਂ ਸੀ ਜਿਸ ਨੇ 45 ਮਿੰਟ 'ਚ ਜਿੱਤ ਦਰਜ ਕੀਤੀ।

ਸਿੰਧੂ ਇਸ ਦੇ ਨਾਲ ਹੀ ਵਿਸ਼ਵ ਚੈਂਪੀਅਨਸ਼ਿਪ 'ਚ ਚਾਰ ਵਾਰ ਪੋਡਿਅਮ 'ਤੇ ਜਗ੍ਹਾ ਬਣਾਉਣ ਵਾਲੀ ਇਕਲੌਤੀ ਭਾਰਤੀ ਖਿਡਾਰੀ ਬਣ ਗਈ ਹੈ। ਇਸ ਤੋਂ ਪਹਿਲਾਂ ਉਸ ਨੇ 2013 'ਚ ਗਵਾਂਗਜੂ ਅਤੇ 2014 'ਚ ਕੋਪੇਨਹੇਗਨ 'ਚ ਵੀ ਕਾਂਸੀ ਤਮਗਾ ਜਿੱਤਿਆ ਸੀ। ਨਾਲ ਹੀ ਮਾਰਿਨ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਤਿਨ ਵਾਰ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਹੈ। ਉਸ ਨੇ ਇਸ ਤੋਂ ਪਹਿਲਾਂ 2014 ਅਤੇ 2015 'ਚ ਜਕਾਰਤਾ 'ਚ ਵਿਸ਼ਵ ਖਿਤਾਬ ਜਿੱਤੇ। ਇਸ ਮੈਚ ਤੋਂ ਪਹਿਲਾਂ ਸਿੰਧੂ ਨੇ ਮਾਰਿਨ ਖਿਲਾਫ ਪੰਜ ਮੈਚਾਂ 'ਚ ਜਿੱਤ ਦਰਜ ਕੀਤੀ ਸੀ ਜਦਿਕ 6ਵੇਂ ਮੈਚ 'ਚ ਉਸ ਨੂੰ ਹਾਰ ਦਾ ਮੁੰਹ ਦੇਖਣਾ ਪਿਆ ਹੈ। ਇਨ੍ਹਾਂ ਦੋਵਾਂ ਖਿਡਾਰਨਾਂ ਵਿਚਾਲੇ ਜੂਨ 'ਚ ਮਲੇਸ਼ੀਆ ਓਪਨ 'ਚ ਹੋਏ ਪਿਛਲੇ ਮੁਕਾਬਲੇ ਨੂੰ ਸਿੰਧੂ ਨੇ ਜਿੱਤਿਆ ਸੀ।


Related News