ਸਿੰਧੂ ਦੀ ਵਿਸ਼ਵ ਚੈਂਪੀਅਨਸ਼ਿਪ ’ਚ ਛੇਵੇਂ ਤਮਗੇ ਦੀ ਉਮੀਦ ਟੁੱਟੀ, ਧਰੁਵ-ਤਨਿਸ਼ਾ ਦੀ ਜੋੜੀ ਵੀ ਹਾਰ ਕੇ ਬਾਹਰ
Saturday, Aug 30, 2025 - 06:21 PM (IST)

ਪੈਰਿਸ (ਭਾਸ਼ਾ)– ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦਾ ਵਿਸ਼ਵ ਚੈਂਪੀਅਨਸ਼ਿਪ ਵਿਚ ਛੇਵਾਂ ਤਮਗਾ ਜਿੱਤਣ ਦਾ ਸੁਪਨਾ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਦੀ ਪੁਤਰੀ ਕੁਸੁਮਾ ਵਰਦਾਨੀ ਹੱਥੋਂ 3 ਸੈੱਟਾਂ ਤੱਕ ਚੱਲੇ ਸਖਤ ਕੁਆਰਟਰ ਫਾਈਨਲ ਮੁਕਾਬਲੇ ਵਿਚ ਹਾਰ ਜਾਣ ਤੋਂ ਬਾਅਦ ਟੁੱਟ ਗਿਆ। ਸਿੰਧੂ 2019 ਦੀ ਵਿਸ਼ਵ ਚੈਂਪੀਅਨ ਹੈ। ਇਸ ਪ੍ਰਤੀਯੋਗਿਤਾ ਵਿਚ 5 ਵਾਰ ਦੀ ਤਮਗਾ ਜੇਤੂ ਸਿੰਧੂ ਦੇ ਰਿਕਾਰਡ ਛੇਵੀਂ ਵਾਰ ਪੋਡੀਅਮ ਸਥਾਨ ’ਤੇ ਪਹੁੰਚਣ ਦੀ ਉਮੀਦ ਸੀ ਪਰ ਉਹ ‘ਫਿਨਿਸ਼ਿੰਗ ਲਾਈਨ’ ਉੱਪਰ ਲੜਖੜਾ ਗਈ ਤੇ 64 ਮਿੰਟ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿਚ ਨੌਵਾਂ ਦਰਜਾ ਪ੍ਰਾਪਤ ਵਰਦਾਨੀ ਹੱਥੋਂ 14-21, 21-13, 16-21 ਨਾਲ ਹਾਰ ਗਈ।
ਇਸ ਤੋਂ ਪਹਿਲਾਂ ਧਰੁਵ ਕਪਿਲਾ ਤੇ ਤਨਿਸ਼ਾ ਕ੍ਰਾਸਟੋ ਦੀ ਭਾਰਤੀ ਮਿਕਸਡ ਡਬਲਜ਼ ਜੋੜੀ ਚੇਨ ਤਾਂਗ ਜੀ ਤੇ ਤੋਹ ਈ ਵੇਈ ਦੀ ਮਲੇਸ਼ੀਆਈ ਜੋੜੀ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਕੇ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਬਾਹਰ ਹੋ ਗਈ। ਇਸ ਨਾਲ ਭਾਰਤੀ ਜੋੜੀ ਦੇ ਇਸ ਵੱਕਾਰੀ ਪ੍ਰਤੀਯੋਗਿਤਾ 'ਚ ਭਾਰਤ ਲਈ ਪਹਿਲਾ ਮਿਕਸਡ ਡਬਲਜ਼ ਤਮਗਾ ਜਿੱਤਣ ਦੀ ਉਮੀਦ ਵੀ ਟੁੱਟ ਗਈ। ਉਨ੍ਹਾਂ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਜੋੜੀ ਹੱਥੋਂ 37 ਮਿੰਟ 'ਚ 13-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।