ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ’ਚ ਭਾਰਤ ਨੇ ਅੰਡਰ-18 ਤੇ ਅੰਡਰ-21 ਵਰਗ ਟੀਮਾਂ ’ਚ ਜਿੱਤੇ ਸੋਨ ਤਮਗੇ
Sunday, Aug 24, 2025 - 04:30 PM (IST)

ਵਿਨੀਪੈੱਗ/ਕੈਨੇਡਾ (ਏਜੰਸੀ)- ਭਾਰਤੀ ਤੀਰਅੰਦਾਜ਼ੀ ਟੀਮਾਂ ਨੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ-2025 ਵਿਚ ਪੁਰਸ਼ਾਂ ਦੇ ਅੰਡਰ-18 ਤੇ ਅੰਡਰ-21 ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗੇ ਜਿੱਤੇ ਹਨ। ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ-2025 ਵਿਚ ਭਾਰਤ ਨੇ ਪੁਰਸ਼ਾਂ ਦੇ ਅੰਡਰ-18 ਤੇ ਅੰਡਰ-21 ਕੰਪਾਊਂਡ ਟੀਮ ਵਰਗ ਵਿਚ ਕ੍ਰਮਵਾਰ ਜਰਮਨੀ ਤੇ ਅਮਰੀਕਾ ਦੀ ਟੀਮ ਨੂੰ ਹਰਾ ਕੇ ਸੋਨ ਤਮਗੇ ਜਿੱਤੇ। ਕੁਸ਼ਲ ਦਲਾਲ, ਅਪਾਰ ਮਿਹਿਰ ਨਿਤਿਨ ਤੇ ਗਣੇਸ਼ ਮਣੀਰਤਨਮ ਥਿਰੁੂਮੁਰੂ ਦੀ ਅੰਡਰ-21 ਤਿਕੜੀ ਨੇ ਫਾਈਨਲ ਵਿਚ ਜਰਮਨੀ ਦੀ ਟੀਮ ਦੇ ਨਾਲ ਚਾਰ ਸੈੱਟਾਂ ਦੇ ਅੰਤ ਵਿਚ ਸਕੋਰ 233-233 ਰਹਿਣ ਤੋਂ ਬਾਅਦ ਹੋਏ ਇਕ ਤਣਾਅਪੂਰਨ ਸ਼ੂਟਆਫ ਵਿਚ ਹਰਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਕੁਆਰਟਰ ਫਾਈਨਲ ਵਿਚ ਇਸਰਾਈਲ ਨੂੰ 235-233 ਨਾਲ ਤੇ ਸੈਮੀਫਾਈਨਲ ਵਿਚ ਕੋਰੀਆ ਗਣਰਾਜ ਨੂੰ 233-228 ਨਾਲ ਹਰਾਇਆ ਸੀ। ਉੱਥੇ ਹੀ ਅੰਡਰ-18 ਫਾਈਨਲ ਵਿਚ ਮੋਹਿਤ ਡਾਗਰ, ਯੋਗੇਸ਼ ਜੋਸ਼ੀ ਤੇ ਦੇਵਾਂਸ਼ੇ ਸਿੰਘ ਦੀ ਟੀਮ ਨੇ ਅਮਰੀਕਾ ਵਿਰੁੱਧ ਹਾਫ ਟਾਈਮ ਤੱਕ 9 ਅੰਕਾਂ ਦੀ ਬੜ੍ਹਤ ਬਣਾ ਲਈ ਤੇ ਮੁਕਾਬਲਾ 224-222 ਨਾਲ ਜਿੱਤ ਲਿਅਾ। ਕੁਅਾਲੀਫਿਕੇਸ਼ਨ ਤੋਂ ਚੋਟੀ ਦਰਜਾ ਪ੍ਰਾਪਤ ਹੋਣ ਕਾਰਨ ਟੀਮ ਸਿੱਧੇ ਖਿਤਾਬੀ ਮੁਕਾਬਲੇ ਵਿਚ ਪਹੁੰਚ ਗਈ ਸੀ।
ਇਸ ਵਿਚਾਲੇ, ਭਾਰਤੀ ਅੰਡਰ-18 ਮਹਿਲਾ ਕੰਪਾਊਂਡ ਟੀਮ ਕਾਂਸੀ ਤਮਗਾ ਮੁਕਾਬਲੇ ਵਿਚ ਮੈਕਸੀਕੋ ਹੱਥੋਂ 221-210 ਨਾਲ ਹਾਰ ਗਈ। ਅੰਡਰ-21 ਟੀਮ ਕੁਆਰਟਰ ਫਾਈਨਲ ਵਿਚੋਂ ਬਾਹਰ ਹੋ ਗਈ। ਅਗਲੇ ਦੋ ਦਿਨਾਂ ਵਿਚ ਭਾਰਤ ਵਿਅਕਤੀਗਤ ਤੀਰਅੰਦਾਜ਼ੀ ਪ੍ਰਤੀਯੋਗਿਤਾਵਾਂ ਵਿਚ ਮੁਕਾਬਲਾ ਕਰੇਗਾ। ਅੰਡਰ-18 ਪੁਰਸ਼ ਕੰਪਾਊਂਡ ਸੈਮੀਫਾਈਨਲ ਵਿਚ ਯੋਗੇਸ਼ ਜੋਸ਼ੀ ਦਾ ਸਾਹਮਣਾ ਨਿਊਜ਼ੀਲੈਂਡ ਦੇ ਹੈਕਟਰ ਮੈਕਨੇਲੀ ਨਾਲ ਹੋਵੇਗਾ ਜਦਕਿ ਮਹਿਲਾ ਅੰਡਰ-18 ਕੰਪਾਊਂਡ ਸੈਮੀਫਾਈਨਲ ਵਿਚ ਪ੍ਰਥਿਕਾ ਪ੍ਰਦੀਪ ਤੇ ਸੂਰਯ ਹਮਸਿਨੀ ਮਦਾਲਾ ਵਿਚਾਲੇ ਮੁਕਾਬਲਾ ਹੋਵੇਗਾ। ਮਹਿਲਾ ਅੰਡਰ-21 ਕੰਪਾਊਂਡ ਡਰਾਅ ਵਿਚ ਟਾਪ-4 ਵਿਚ ਚਿਕਿਥਾ ਤਨਿਪਰਥੀ ਦਾ ਸਾਹਮਣਾ ਮੈਕਸੀਕੋ ਦੀ ਪਾਓਲਾ ਡਿਆਜ ਮੋਰਿਲਸ ਨਾਲ ਹੋਵੇਗਾ। ਉੱਥੇ ਹੀ, ਅੰਡਰ-18 ਮਹਿਲਾ ਰਿਕਰਵ ਸੈਮੀਫਾਈਨਲ ਵਿਚ ਸ਼ਾਰਵਰੀ ਸੋਮਨਾਥ ਸ਼ੇਂਡੇ ਦਾ ਸਾਹਮਣਾ ਦੱਖਣੀ ਕੋਰੀਆ ਦੀ ਕਿਮ ਮਿਨਜਿਯੋਂਗ ਨਾਲ ਹੋਵੇਗਾ।