ਨੇਹਾ ਵਿਸ਼ਵ ਚੈਂਪੀਅਨਸ਼ਿਪ ਟੀਮ ’ਚੋਂ ਬਾਹਰ, ਦੋ ਸਾਲ ਲਈ ਹੋਈ ਬੈਨ
Tuesday, Aug 26, 2025 - 02:01 PM (IST)

ਨਵੀਂ ਦਿੱਲੀ– ਵੱਧ ਭਾਰ ਕਾਰਨ ਹਾਲ ਹੀ ਵਿਚ ਅੰਡਰ-20 ਵਿਸ਼ਵ ਚੈਂਪੀਅਨਸ਼ਿਪ ਵਿਚ ਅਯੋਗ ਐਲਾਨ ਕੀਤੀ ਗਈ ਪਹਿਲਵਾਨ ਨੇਹਾ ਸਾਂਗਵਾਨ ਨੂੰ ਸੋਮਵਾਰ ਨੂੰ ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ.ਆਈ.) ਨੇ ‘ਲਗਾਤਾਰ ਭਾਰ ਪ੍ਰਬੰਧਨ ਸਬੰਧੀ ਸਮੱਸਿਆਵਾਂ’ ਕਾਰਨ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਟੀਮ ਵਿਚੋਂ ਬਾਹਰ ਕਰਨ ਤੋਂ ਇਲਾਵਾ ਦੋ ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ ਨੇਹਾ ਨੂੰ ਪਿਛਲੇ ਹਫਤੇ ਬੁਲਗਾਰੀਆ ਦੇ ਸਮੋਕੋਵ ਵਿਚ ਮਹਿਲਾਵਾਂ ਦੇ 59 ਕਿ. ਗ੍ਰਾ. ਭਾਰ ਵਿਚ ਪ੍ਰਤੀਯੋਗਿਤਾ ਕਰਨੀ ਸੀ ਪਰ ਉਸਦਾ ਭਾਰ ਨਿਰਧਾਰਿਤ ਭਾਰ ਤੋਂ ਲੱਗਭਗ 600 ਗ੍ਰਾਮ ਵੱਧ ਸੀ।
ਆਯੋਜਕਾਂ ਨੇ ਉਸ ਨੂੰ ਅਯੋਗ ਐਲਾਨ ਕਰ ਦਿੱਤਾ ਤੇ ਭਾਰਤ ਉਸ ਭਾਰ ਵਰਗ ਵਿਚ ਪ੍ਰਤੀਨਿਧਤਾ ਨਹੀਂ ਕਰ ਸਕਿਆ। ਭਾਰਤ ਦੀ ਮਹਿਲਾ ਟੀਮ ਨੇ 7 ਤਮਗੇ ਜਿੱਤੇ ਤੇ ਜਾਪਾਨ ਤੋਂ ਬਾਅਦ ਉਪ ਜੇਤੂ ਰਹੀ। ਨੇਹਾ ਤਮਗੇ ਦੀ ਪ੍ਰਮੁੱਖ ਦਾਅਵੇਦਾਰ ਸੀ ਤੇ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਟੀਮ ਚੈਂਪੀਅਨਸ਼ਿਪ ਜਿੱਤਣ ਵਿਚ ਮਦਦ ਕਰ ਸਕਦੀ ਸੀ। ਭਾਰਤ 140 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ ਸੀ ਜਦਕਿ ਜਾਪਾਨ ਨੇ 165 ਅੰਕ ਹਾਸਲ ਕਰ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਸੀ।
ਡਬਲਯੂ. ਐੱਫ. ਆਈ. ਨੇ ਨੇਹਾ ਦੀ ਜਗ੍ਹਾ ਸਾਰਿਕਾ ਮਲਿਕ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ ਜਿਹੜੀ ਵਿਸ਼ਵ ਚੈਂਪੀਅਨਸ਼ਿਪ ਦੇ 59 ਕਿ. ਗ੍ਰਾ. ਭਾਰ ਵਰਗ ਟ੍ਰਾਇਲ ਵਿਚ ਦੂਜੇ ਸਥਾਨ ’ਤੇ ਰਹੀ ਸੀ। ਵਿਸ਼ਵ ਚੈਂਪੀਅਨਸ਼ਿਪ 13 ਤੋਂ 21 ਸਤੰਬਰ ਤੱਕ ਕ੍ਰੋਏਸ਼ੀਆ ਦੇ ਜਾਗਰੇਬ ਵਿਚ ਹੋਵੇਗੀ।