ਸ਼ਰਵਰੀ ਸ਼ੇਂਡੇ ਨੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ ’ਚ ਜਿੱਤਿਆ ਸੋਨਾ
Tuesday, Aug 26, 2025 - 12:12 PM (IST)

ਵਿਨੀਪੈੱਗ (ਕੈਨੇਡਾ)– ਸ਼ਰਵਰੀ ਸ਼ੇਂਡੇ ਨੇ ਅੰਡਰ-18 ਮਹਿਲਾ ਰਿਕਰਵ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਕੇ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ 2025 ਵਿਚ ਭਾਰਤ ਦੀ ਮੁਹਿੰਮ ਖਤਮ ਕੀਤੀ। ਸ਼ੇਂਡੇ ਨੇ ਇੱਥੇ ਖੇਡੇ ਗਏ ਫਾਈਨਲ ਵਿਚ ਕੋਰੀਆ ਗਣਰਾਜ ਦੀ ਤੀਜਾ ਦਰਜਾ ਪ੍ਰਾਪਤ ਕਿਮ ਯੇਵੋਨ ਨੂੰ ਹਰਾਇਆ। ਉਸ ਨੇ 5-5 ਨਾਲ ਬਰਾਬਰੀ ’ਤੇ ਛੁੱਟੇ ਮੈਚ ਤੋਂ ਬਾਅਦ ਸ਼ੂਟਆਫ ਵਿਚ ਆਪਣਾ ਸਬਰ ਬਰਕਰਾਰ ਰੱਖਿਆ ਤੇ 10-9 ਨਾਲ ਜਿੱਤ ਹਾਸਲ ਕੀਤੀ। ਸੈਮੀਫਾਈਨਲ ਵਿਚ ਉਸ ਨੇ ਪਹਿਲਾਂ ਹੀ ਦੱਖਣੀ ਕੋਰੀਆ ਦੀ ਚੋਟੀ ਦਰਜਾ ਪ੍ਰਾਪਤ ਕਿਮ ਮਿਨਜਿਯੋਂਗ ਨੂੰ 7-3 ਨਾਲ ਹਰਾ ਦਿੱਤਾ ਸੀ।
ਇਸ ਤੋਂ ਪਹਿਲਾਂ 16 ਸਾਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ (2011) ਤੇ ਕੋਮੋਲਿਕਾ ਬਾਰੀ ਨੇ (2021) ਵਿਚ ਇਸ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਿਆ ਸੀ। ਇਸ ਹਫਤੇ ਦੀ ਸ਼ੁਰੂਆਤ ਵਿਚ ਸ਼ੇਂਡੇ ਨੇ ਅੰਡਰ-18 ਮਹਿਲਾ ਰਿਕਰਵ ਤੀਰਅੰਦਾਜ਼ੀ ਟੀਮ ਪ੍ਰਤੀਯੋਗਿਤਾ ਵਿਚ ਭਾਰਤ ਨੂੰ ਕਾਂਸੀ ਤਮਗਾ ਦਿਵਾਉਣ ਵਿਚ ਵੀ ਮਦਦ ਕੀਤੀ ਸੀ।
ਆਖਰੀ ਦਿਨ ਖੜਕੇ ਤੇ ਅਗਸਤਯ ਸਿੰਘ ਨੇ ਅੰਡਰ-18 ਮਿਕਸਡ ਰਿਕਰਵ ਵਰਗ ਵਿਚ ਚੀਨੀ ਤਾਈਪੇ ਨੂੰ ਹਰਾ ਕੇ ਇਕ ਹੋਰ ਕਾਂਸੀ ਤਮਗਾ ਜਿੱਤਿਆ। ਇਨ੍ਹਾਂ ਦੋ ਤਮਗਿਆਂ ਦੇ ਨਾਲ ਵਿਸ਼ਵ ਤੀਰਅੰਦਾਜ਼ੀ ਯੂਥ ਚੈਂਪੀਅਨਸ਼ਿਪ 2025 ਵਿਚ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 8 ਹੋ ਗਈ ਹੈ। ਭਾਰਤ ਨੇ ਇਸ ਪ੍ਰਤੀਯੋਗਿਤਾ ਵਿਚ 4 ਸੋਨ, 2 ਚਾਂਦੀ ਤੇ 2 ਕਾਂਸੀ ਤਮਗੇ ਜਿੱਤੇ ਹਨ।