ਸ਼੍ਰੇਅਸੀ ਸਿੰਘ ਬਣੀ ਨਵੀਂ ਰਾਸ਼ਟਰੀ ਟ੍ਰੈਪ ਚੈਂਪੀਅਨ
Monday, Nov 18, 2019 - 11:19 PM (IST)

ਨਵੀਂ ਦਿੱਲੀ- ਰਾਸ਼ਟਰਮੰਡਲ ਖੇਡਾਂ ਦੀ ਮੌਜੂਦਾ ਚੈਂਪੀਅਨ ਸ਼੍ਰੇਅਸੀ ਸਿੰਘ ਮਹਿਲਾ ਟ੍ਰੈਪ ਪ੍ਰਤੀਯੋਗਿਤਾ ਵਿਚ ਨਵੀਂ ਰਾਸ਼ਟਰੀ ਚੈਂਪੀਅਨ ਬਣ ਗਈ ਹੈ। ਸ਼੍ਰੇਅਸੀ ਨੇ ਇੱਥੇ ਸ਼ਾਟ ਗਨ ਪ੍ਰਤੀਯੋਗਿਤਾਵਾਂ ਦੀ 63ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇਹ ਉਪਲਬਧੀ ਹਾਸਲ ਕੀਤੀ। ਬਿਹਾਰ ਦੀ ਨੁਮਾਇੰਦਗੀ ਕਰ ਰਹੀ ਸ਼੍ਰੇਅਸੀ ਨੇ ਫਾਈਨਲ 'ਚ ਪੰਜਾਬ ਦੀ ਰਾਜੇਸ਼ਵਰੀ ਕੁਮਾਰੀ ਨੂੰ ਪਿੱਛੇ ਛੱਡਿਆ। ਫਾਈਨਲ 'ਚ ਸ਼੍ਰੇਅਸੀ ਨੇ 50 'ਚੋਂ 42 ਬਰਡਸ 'ਤੇ ਨਿਸ਼ਾਨਾ ਲਗਾਇਆ, ਜਦਕਿ ਰਾਜੇਸ਼ਵਰੀ 38 ਨਿਸ਼ਾਨੇ ਹੀ ਲਗਾ ਸਕੀ। ਫਾਈਨਲ 'ਚ ਸ਼ਗੁਨ ਚੌਧਰੀ ਤੇ ਸੀਮਾ ਤੋਮਰ ਵਰਗੀ ਅਨੁਭਵੀ ਨਿਸ਼ਾਨੇਬਾਜ਼ ਵੀ ਮੌਜੂਦ ਸੀ।
ਸ਼੍ਰੇਅਸੀ ਦਾ ਇਹ ਚੌਥਾ ਵਿਅਕਤੀਗਤ ਕੌਮੀ ਖਿਤਾਬ ਹੈ ਪਰ ਮਹਿਲਾ ਟ੍ਰੈਪ ਖਿਤਾਬ ਉਸ ਨੇ ਪਹਿਲੀ ਵਾਰ ਜਿੱਤਿਆ ਹੈ। ਕੁਆਲੀਫਿਕੇਸ਼ਨ 'ਚ 112 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹੀ ਸੀ ਜਦਕਿ ਰਾਜੇਸ਼ਵਰੀ 125 'ਚੋਂ 118 ਦਾ ਸਕੋਰ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਮੱਧ ਪ੍ਰਦੇਸ਼ ਦੀ ਪ੍ਰਗਤੀ ਦੁਬੇ ਨੇ ਸ਼ੂਟ ਆਫ 'ਚ ਜਿੱਤ ਹਾਸਲ ਕਰਕੇ ਫਾਈਨਲ 'ਚ ਜਗ੍ਹਾ ਬਣਾਈ ਸੀ ਤੇ ਫਾਈਨਲ 'ਚ 31 ਦਾ ਸਕੋਰ ਕਰਕੇ ਉਸ ਨੇ ਕਾਂਸੀ ਤਮਗਾ ਜਿੱੱਤਿਆ। ਰਾਜੇਸ਼ਵਰੀ ਨੇ ਆਪਣੀ ਟੀਮ ਸਾਥੀਆਂ ਇਨਾਯਾ ਵਿਜੈ ਸਿੰਘ ਤੇ ਪ੍ਰਬਸੁਖਮਨ ਕੌਰ ਦੇ ਨਾਲ ਪੰਜਾਬ ਦੇ ਲਈ ਸੋਨ ਤਮਗਾ ਜਿੱਤਿਆ।