ਮਾਘੀ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਰ ''ਤੇ ਵੱਡੇ ਐਲਾਨ
Wednesday, Jan 14, 2026 - 06:34 PM (IST)
ਮੁਕਤਸਰ ਸਾਹਿਬ : ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵਿਕਾਸ ਅਤੇ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਅਤੇ ਵਿਰੋਧੀ ਪਾਰਟੀਆਂ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ਦੇ ਪਹਿਲੇ 10 ਦਿਨਾਂ ਦੇ ਅੰਦਰ, ਜਿਨ੍ਹਾਂ ਕੋਲ ਟਿਊਬਵੈੱਲ ਕੁਨੈਕਸ਼ਨ ਨਹੀਂ ਹਨ, ਉਨ੍ਹਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਪਾਈਪਾਂ ਦੇ ਸਿਸਟਮ ਸ਼ੁਰੂ ਕਰਨ ਅਤੇ ਅਬੋਹਰ ਇਲਾਕੇ ਦੀ ਸੇਮ ਦੀ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਸਥਾਨ ਕਨਾਲ ਨੂੰ ਬੰਦ ਕਰਨ ਦੀ ਗੱਲ ਕਹੀ ਤਾਂ ਜੋ ਪੰਜਾਬ ਦਾ ਪਾਣੀ ਪੰਜਾਬ ਵਿੱਚ ਹੀ ਰਹੇ। ਕਿਸਾਨਾਂ ਲਈ ਇਕ ਹੋਰ ਵੱਡੀ ਰਾਹਤ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਟਰੈਕਟਰਾਂ 'ਤੇ ਕੋਈ ਟੈਕਸ ਨਹੀਂ ਲੱਗੇਗਾ।
ਇਹ ਵੀ ਪੜ੍ਹੋ : ਗੁਰੂ ਘਰਾਂ ਅਤੇ ਗੁਰੂ ਰਹਿਤ ਮਰਿਆਦਾ ਦਾ ਅਪਮਾਨ ਕਰ ਹੀ ਆਮ ਆਦਮੀ ਪਾਰਟੀ : ਚੁੱਘ
ਸੁਖਬੀਰ ਬਾਦਲ ਨੇ ਵਾਅਦਾ ਕੀਤਾ ਕਿ ਇਕ ਸਾਲ ਦੇ ਅੰਦਰ ਸਾਰੀਆਂ ਜ਼ਮੀਨਾਂ ਦਾ ਇੰਤਕਾਲ ਕੀਤਾ ਜਾਵੇਗਾ ਅਤੇ ਪਿੰਡਾਂ ਵਿਚ ਲਾਲ ਡੋਰੇ ਦੇ ਅੰਦਰ ਆਉਂਦੀ ਜ਼ਮੀਨ ਦੀ ਮਾਲਕਾਂ ਦੇ ਨਾਮ 'ਤੇ ਰਜਿਸਟਰੀ ਕੀਤੀ ਜਾਵੇਗੀ। ਸਰਹੱਦੀ ਇਲਾਕਿਆਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਨ ਦਾ ਕੰਮ ਵੀ ਪਹਿਲੇ 10 ਦਿਨਾਂ ਵਿੱਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਸੁਖਬੀਰ ਬਾਦਲ ਨੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ, ਜਿੱਥੇ 50 ਫੀਸਦੀ ਸੀਟਾਂ ਰਾਖਵੀਆਂ ਹੋਣਗੀਆਂ ਅਤੇ ਉੱਥੇ ਪੜ੍ਹਾਈ ਮੁਫਤ ਹੋਵੇਗੀ। ਅਜਿਹੀ ਹੀ ਵਿਵਸਥਾ ਵੈਟਨਰੀ ਕਾਲਜਾਂ ਲਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਲਈ ਹੋਣਗੀਆਂ। ਨੌਜਵਾਨਾਂ ਦੇ ਹੁਨਰ ਵਿਕਾਸ ਲਈ 50 ਹਜ਼ਾਰ ਬੱਚਿਆਂ ਦੀ ਸਮਰੱਥਾ ਵਾਲੀ ਸਕਿੱਲ ਯੂਨੀਵਰਸਿਟੀ ਖੋਲ੍ਹੀ ਜਾਵੇਗੀ ਅਤੇ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਬਿਨਾਂ ਵਿਆਜ ਦਾ ਲੋਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮਾਘੀ ਕਾਨਫਰੰਸ ਵਿਚ ਬੋਲੇ ਸੁਖਬੀਰ ਬਾਦਲ, 'ਪੰਜਾਬ ਦਾ ਖਜ਼ਾਨਾ ਲੁੱਟ ਰਹੀ ਸੂਬਾ ਸਰਕਾਰ'
ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਗੈਂਗਸਟਰਾਂ ਅਤੇ ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦ ਸਰਕਾਰ ਜ਼ਬਤ ਕਰੇਗੀ। ਉਨ੍ਹਾਂ ਨੇ ਕਾਨੂੰਨ ਵਿਚ ਸੋਧ ਕਰਨ ਦੀ ਗੱਲ ਵੀ ਕਹੀ ਤਾਂ ਜੋ ਨਸ਼ਾ ਤਸਕਰਾਂ ਨੂੰ 5 ਸਾਲ ਤੱਕ ਜ਼ਮਾਨਤ ਨਾ ਮਿਲ ਸਕੇ। ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੱਜ ਸ਼ਰੇਆਮ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਪੁਲਸ ਬੇਵੱਸ ਨਜ਼ਰ ਆ ਰਹੀ ਹੈ। ਸੁਖਬੀਰ ਬਾਦਲ ਨੇ ਭਗਵੰਤ ਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਰਜ਼ਾ ਮੁਆਫੀ ਅਤੇ ਨਸ਼ਾ ਖਤਮ ਕਰਨ ਵਰਗੇ ਝੂਠੇ ਵਾਅਦੇ ਕੀਤੇ। ਉਨ੍ਹਾਂ ਯਾਦ ਕਰਵਾਇਆ ਕਿ ਪੰਜਾਬ ਵਿਚ 24 ਘੰਟੇ ਬਿਜਲੀ, ਵਧੀਆ ਸੜਕਾਂ ਅਤੇ ਪੁਲਸ ਤੇ ਪਟਵਾਰੀਆਂ ਦੀ ਭਰਤੀ ਅਕਾਲੀ ਦਲ ਦੀਆਂ ਸਰਕਾਰਾਂ ਦੀ ਹੀ ਦੇਣ ਹੈ।
ਇਹ ਵੀ ਪੜ੍ਹੋ : ਸਕੂਲ ਖੁੱਲ੍ਹਦੇ ਸਾਰ ਸਕੂਲਾਂ ਨੂੰ ਮਿਲੀ ਧਮਕੀ, ਕੀਤੀ ਗਈ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
