ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 ''ਚ ਕਪਤਾਨੀ ਦੇ ਮਾਮਲੇ ''ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

Monday, Oct 12, 2026 - 03:09 PM (IST)

ਸ਼੍ਰੇਅਸ ਅਈਅਰ ਨੇ ਰਚਿਆ ਇਤਿਹਾਸ, T20 ''ਚ ਕਪਤਾਨੀ ਦੇ ਮਾਮਲੇ ''ਚ ਦਿੱਗਜਾਂ ਨੂੰ ਪਛਾੜ ਬਣੇ ਨੰਬਰ 1

ਸਪੋਰਟਸ ਡੈਸਕ- ਇੰਦੌਰ ਵਿਖੇ ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਤੀਜੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਭਾਰਤੀ ਕਪਤਾਨ ਸ਼੍ਰੇਯਸ ਅਈਅਰ ਨੇ ਟੀ-20 ਕ੍ਰਿਕਟ ਵਿੱਚ ਇੱਕ ਨਵਾਂ ਰਿਕਾਰਡ ਬਣਾਉਂਦਿਆਂ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਅਈਅਰ ਹੁਣ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਆਪਣੀ ਕਪਤਾਨੀ ਹੇਠ ਸਭ ਤੋਂ ਵੱਧ ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦਾ ਸਕੋਰ ਬਣਾਉਣ ਵਾਲੀਆਂ ਟੀਮਾਂ ਦੇ ਕਪਤਾਨਾਂ ਦੀ ਸੂਚੀ ਵਿੱਚ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ।

ਸ਼੍ਰੇਯਸ ਅਈਅਰ ਦੀ ਅਗਵਾਈ ਵਿੱਚ ਟੀ-20 ਮੈਚਾਂ ਵਿੱਚ ਟੀਮਾਂ ਨੇ ਹੁਣ ਤੱਕ 37 ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦਾ ਸਕੋਰ ਬਣਾਇਆ ਹੈ। ਉਨ੍ਹਾਂ ਨੇ ਇਹ ਉਪਲਬਧੀ ਮਹਿਜ਼ 133 ਮੈਚਾਂ ਵਿੱਚ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਐੱਮ.ਐੱਸ. ਧੋਨੀ ਦੇ ਨਾਂ ਸੀ, ਜਿਨ੍ਹਾਂ ਦੀ ਕਪਤਾਨੀ ਵਿੱਚ 331 ਮੈਚਾਂ ਵਿੱਚ 36 ਵਾਰ 200 ਪਲੱਸ ਦਾ ਸਕੋਰ ਬਣਿਆ ਸੀ। ਇਸ ਵਿਸ਼ੇਸ਼ ਲਿਸਟ ਵਿੱਚ ਵਿਰਾਟ ਕੋਹਲੀ 29 ਵਾਰ (193 ਮੈਚ) ਨਾਲ ਤੀਜੇ, ਫਾਫ਼ ਡੂ ਪਲੇਸੀ 27 ਵਾਰ (235 ਮੈਚ) ਨਾਲ ਚੌਥੇ ਅਤੇ ਰੋਹਿਤ ਸ਼ਰਮਾ 25 ਵਾਰ (225 ਮੈਚ) ਨਾਲ ਪੰਜਵੇਂ ਸਥਾਨ 'ਤੇ ਹਨ।

ਇਹ ਰਿਕਾਰਡ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਭਾਰਤ ਨੇ ਇੰਦੌਰ ਵਿੱਚ ਵੈਸਟਇੰਡੀਜ਼ ਨੂੰ ਤੀਜੇ ਟੀ-20 ਮੁਕਾਬਲੇ ਵਿੱਚ 14 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 223 ਦੌੜਾਂ ਬਣਾਈਆਂ ਸਨ, ਜਿਸ ਵਿੱਚ ਅਭਿਸ਼ੇਕ ਸ਼ਰਮਾ ਦੀਆਂ 30 ਗੇਂਦਾਂ ਵਿੱਚ 69 ਦੌੜਾਂ (6 ਚੌਕੇ, 5 ਛੱਕੇ) ਅਤੇ ਈਸ਼ਾਨ ਕਿਸ਼ਨ ਦੀਆਂ 37 ਦੌੜਾਂ ਸ਼ਾਮਲ ਸਨ। ਜਵਾਬ ਵਿੱਚ ਵੈਸਟਇੰਡੀਜ਼ ਦੀ ਟੀਮ 209 ਦੌੜਾਂ ਹੀ ਬਣਾ ਸਕੀ, ਜਦਕਿ ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਨੇ 3 ਵਿਕਟਾਂ ਹਾਸਲ ਕੀਤੀਆਂ।
 


author

Tarsem Singh

Content Editor

Related News