ਬੱਲੇਬਾਜ਼ੀ ''ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

Wednesday, Oct 07, 2026 - 04:42 PM (IST)

ਬੱਲੇਬਾਜ਼ੀ ''ਚ ਮਾੜੇ ਦੌਰ ਤੋਂ ਬਾਅਦ ਸ਼੍ਰੇਅਸ ਦੀ ਵਾਪਸੀ ਦਾ ਸੰਕੇਤ ਹੈ ਉਨ੍ਹਾਂ ਦਾ ਸੈਂਕੜਾ: ਗਾਵਸਕਰ

ਲਖਨਊ : ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਅਨੁਸਾਰ ਸ਼੍ਰੇਅਸ ਅਈਅਰ ਦਾ ਪਹਿਲਾ ਟੀ-20 ਅੰਤਰਰਾਸ਼ਟਰੀ ਸੈਂਕੜਾ ਬਹੁਤ ਹੀ ਮਹੱਤਵਪੂਰਨ ਸਮੇਂ 'ਤੇ ਆਇਆ ਹੈ ਅਤੇ ਇਹ ਪਾਰੀ ਇਸ ਗੱਲ ਦਾ ਸੰਕੇਤ ਹੈ ਕਿ ਬੱਲੇ ਨਾਲ ਮਾੜੇ ਦੌਰ ਤੋਂ ਲੰਘਣ ਤੋਂ ਬਾਅਦ ਭਾਰਤੀ ਕਪਤਾਨ ਆਪਣੀ ਸਰਵੋਤਮ ਫਾਰਮ ਵਿੱਚ ਵਾਪਸ ਪਰਤ ਆਏ ਹਨ। ਜੂਨ ਵਿੱਚ ਭਾਰਤੀ ਟੀ-20 ਟੀਮ ਦੀ ਕਪਤਾਨੀ ਸੰਭਾਲਣ ਤੋਂ ਬਾਅਦ ਅਈਅਰ ਸਿਰਫ਼ ਦੋ ਵਾਰ ਹੀ 50 ਦੌੜਾਂ ਦਾ ਅੰਕੜਾ ਪਾਰ ਕਰ ਸਕੇ ਸਨ। ਹਾਲਾਂਕਿ, ਮੰਗਲਵਾਰ ਨੂੰ ਲਖਨਊ ਵਿਖੇ ਵੈਸਟਇੰਡੀਜ਼ ਵਿਰੁੱਧ ਪਹਿਲੇ ਟੀ-20 ਮੈਚ ਵਿੱਚ ਉਨ੍ਹਾਂ ਨੇ ਅਜੇਤੂ 102 ਦੌੜਾਂ ਬਣਾ ਕੇ ਭਾਰਤ ਨੂੰ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਗਾਵਸਕਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਈਅਰ ਦੀ ਫਾਰਮ 'ਤੇ ਚੁੱਕੇ ਜਾ ਰਹੇ ਸਵਾਲਾਂ ਦਾ ਇਸ ਸੈਂਕੜੇ ਨੇ ਜਵਾਬ ਦੇ ਦਿੱਤਾ ਹੈ। ਅਈਅਰ ਨੇ 28 ਗੇਂਦਾਂ ਵਿੱਚ ਅਰਧ-ਸੈਂਕੜਾ ਪੂਰਾ ਕਰਨ ਤੋਂ ਬਾਅਦ ਮਹਿਜ਼ 15 ਗੇਂਦਾਂ ਵਿੱਚ 50 ਤੋਂ 102 ਦੌੜਾਂ ਤੱਕ ਪਹੁੰਚ ਕੇ ਟੀਚਾ ਹਾਸਲ ਕਰਨ 'ਤੇ ਪੂਰਾ ਨਿਯੰਤਰਣ ਦਿਖਾਇਆ।

ਦੂਜੇ ਪਾਸੇ, ਭਾਰਤੀ ਟੀਮ ਵਿੱਚ ਵਾਪਸੀ ਕਰਨ ਵਾਲੇ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਕਿਹਾ ਕਿ ਅੰਤਰਰਾਸ਼ਟਰੀ ਟੀਮ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੀਆਂ ਕਮੀਆ ਅਤੇ ਗਲਤੀਆਂ ਦਾ ਅਹਿਸਾਸ ਹੋਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫਿਟਨੈੱਸ ਅਤੇ ਬੱਲੇਬਾਜ਼ੀ ਨੂੰ ਸੁਧਾਰਨ 'ਤੇ ਧਿਆਨ ਕੇਂਦਰਿਤ ਕੀਤਾ। ਈਸ਼ਾਨ ਅਨੁਸਾਰ ਉਨ੍ਹਾਂ ਨੇ ਧੀਰਜ ਰੱਖਿਆ ਅਤੇ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ, ਜਿਸ ਦੀ ਬਦੌਲਤ ਹੀ ਉਨ੍ਹਾਂ ਨੂੰ ਰਾਸ਼ਟਰੀ ਟੀਮ ਵਿੱਚ ਵਾਪਸੀ ਦਾ ਮੌਕਾ ਮਿਲਿਆ।


author

Tarsem Singh

Content Editor

Related News