ਧਾਕੜ ਭਾਰਤੀ ਕ੍ਰਿਕਟਰ ਵੱਲੋਂ ਸੰਨਿਆਸ ਦਾ ਐਲਾਨ! ICC ਟੂਰਨਾਮੈਂਟਸ ''ਚ ਰਿਹਾ ਹੈ ਸ਼ਾਨਦਾਰ ਪ੍ਰਦਰਸ਼ਨ
Saturday, Aug 24, 2024 - 04:01 PM (IST)
ਸਪੋਰਟਸ ਡੈਸਕ: ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਆਪਣੇ ਸੰਨਿਆਸ ਦਾ ਐਲਾਨ ਕਰਦੇ ਹੋਏ ਧਵਨ ਨੇ ਕਿਹਾ ਕਿ ਹੁਣ ਜੇਕਰ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਹਨ ਅਤੇ ਜਦੋਂ ਮੈਂ ਅੱਗੇ ਦੇਖਦਾ ਹਾਂ ਤਾਂ ਮੈਨੂੰ ਪੂਰੀ ਦੁਨੀਆ ਦਿਖਾਈ ਦਿੰਦੀ ਹੈ। ਸ਼ਿਖਰ ਧਵਨ ਨੇ ਟਵੀਟ ਕਰ ਕਿਹਾ, "ਮੈਂ ਅਣਗਿਣਤ ਯਾਦਾਂ ਨਾਲ ਕ੍ਰਿਕਟ ਦਾ ਸਫ਼ਰ ਖ਼ਤਮ ਕਰ ਰਿਹਾ ਹਾਂ। ਇੰਨੇ ਪਿਆਰ ਅਤੇ ਸਾਥ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੈ ਹਿੰਦ!" ਇਸ ਦੇ ਨਾਲ ਹੀ ਧਵਨ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ।
As I close this chapter of my cricketing journey, I carry with me countless memories and gratitude. Thank you for the love and support! Jai Hind! 🇮🇳 pic.twitter.com/QKxRH55Lgx
— Shikhar Dhawan (@SDhawan25) August 24, 2024
ਇਹ ਖ਼ਬਰ ਵੀ ਪੜ੍ਹੋ - 17 ਲੱਖ ਖਰਚ ਕੇ ਲਵਾਇਆ ਸੀ ਕੈਨੇਡਾ ਦਾ ਵੀਜ਼ਾ, ਅਸਲੀਅਤ ਪਤਾ ਲੱਗੀ ਤਾਂ ਉੱਡ ਗਏ ਹੋਸ਼
ਸੰਨਿਆਸ ਦਾ ਐਲਾਨ ਕਰਨ ਮੌਕੇ ਧਵਨ ਨੇ ਕਿਹਾ, ''ਜ਼ਿੰਦਗੀ ਦੀ ਕਹਾਣੀ ਅੱਗੇ ਵਧਾਉਣ ਲਈ ਪੰਨੇ ਪਲਟਣੇ ਜ਼ਰੂਰੀ ਹਨ ਅਤੇ ਇਸ ਲਈ ਮੈਂ ਕੌਮਾਂਤਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਰਿਹਾ ਹਾਂ। ਮੈਂ ਆਪਣੇ ਦਿਲ ਵਿਚ ਇਸ ਸਕੂਨ ਨਾਲ ਸੰਨਿਆਸ ਲੈ ਰਿਹਾ ਹਾਂ ਕਿ ਮੈਂ ਇੰਨੇ ਲੰਬੇ ਸਮੇਂ ਤੱਕ ਭਾਰਤ ਲਈ ਕ੍ਰਿਕਟ ਖੇਡਿਆ।" ਇਸ ਦੌਰਾਨ ਧਵਨ ਨੇ ਫੈਨਜ਼, ਟੀਮ ਦੇ ਸਾਥੀ ਖਿਡਾਰੀਆਂ, ਕੋਚ, ਪਰਿਵਾਰ ਤੇ BCCI ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
37 ਸਾਲਾ ਖਿਡਾਰੀ ਨੇ ਭਾਰਤ ਲਈ 2010 ਵਿਚ ਡੈਬਿਊ ਕੀਤਾ ਸੀ। ICC ਟੂਰਨਾਮੈਂਟਸ ਵਿਚ ਸ਼ਿਖਰ ਧਵਨ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ ਹੈ। ਆਪਣੇ 13 ਸਾਲਾਂ ਦੇ ਕਰੀਅਰ ਵਿਚ ਧਵਨ ਨੇ 34 ਟੈਸਟ, 167 ਵਨਡੇ ਅਤੇ 68 ਟੀ-20 ਮੈਚਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
ਸ਼ਿਖਰ ਧਵਨ ਦਾ ਟੈਸਟ ਕਰੀਅਰ
ਧਵਨ ਨੇ ਆਪਣਾ ਪਹਿਲਾ ਟੈਸਟ ਆਸਟ੍ਰੇਲੀਆ ਖ਼ਿਲਾਫ਼ ਮੋਹਾਲੀ 'ਚ ਖੇਡਿਆ ਸੀ। 2013 ਤੋਂ ਲੈ ਕੇ ਹੁਣ ਤੱਕ ਉਹ 34 ਟੈਸਟਾਂ ਵਿਚ ਭਾਗ ਲੈ ਚੁੱਕਾ ਹੈ। ਧਵਨ ਨੂੰ ਆਖਰੀ ਵਾਰ 2018 'ਚ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਉਸ ਨੇ ਕ੍ਰਿਕਟ ਦੇ ਸਭ ਤੋਂ ਲੰਬੇ ਫਾਰਮੈਟ ਵਿਚ 40.61 ਦੀ ਔਸਤ ਨਾਲ 2315 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਸੱਤ ਸੈਂਕੜੇ ਅਤੇ ਪੰਜ ਅਰਧ ਸੈਂਕੜੇ ਲਗਾਏ। ਧਵਨ ਦਾ ਸਰਵੋਤਮ ਸਕੋਰ 190 ਦੌੜਾਂ ਹੈ।
ਵਨਡੇ ਅਤੇ ਟੀ-20 'ਚ ਵੀ ਰਹੇ ਸਫ਼ਲ
ਸ਼ਿਖਰ ਨੇ ਭਾਰਤ ਲਈ ਆਪਣਾ ਪਹਿਲਾ ਵਨਡੇ 2010 ਵਿਚ ਵਿਸ਼ਾਖਾਪਟਨਮ ਵਿਚ ਆਸਟ੍ਰੇਲੀਆ ਵਿਰੁੱਧ ਖੇਡਿਆ ਸੀ। ਉਨ੍ਹਾਂ ਨੇ 167 ਮੈਚਾਂ 'ਚ 44.11 ਦੀ ਔਸਤ ਅਤੇ 91.35 ਦੀ ਸਟ੍ਰਾਈਕ ਰੇਟ ਨਾਲ 6793 ਦੌੜਾਂ ਬਣਾਈਆਂ ਹਨ। ਧਉਨ੍ਹਾਂ ਦੇ ਨਾਂ 17 ਸੈਂਕੜੇ ਅਤੇ 39 ਅਰਧ ਸੈਂਕੜੇ ਹਨ। ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਧਵਨ ਨੇ 68 ਮੈਚਾਂ 'ਚ 1759 ਦੌੜਾਂ ਬਣਾਈਆਂ ਹਨ। ਉਸ ਨੇ ਆਪਣੇ ਬੱਲੇ ਨਾਲ 11 ਅਰਧ ਸੈਂਕੜੇ ਜੜੇ ਹਨ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੇ NSA ਖ਼ਿਲਾਫ਼ ਕੀਤਾ ਹਾਈ ਕੋਰਟ ਦਾ ਰੁਖ
IPL 'ਚ ਵੀ ਚੱਲਿਆ ਬੱਲਾ
ਧਵਨ ਨੇ ਵੀ ਆਈ.ਪੀ.ਐੱਲ. 'ਚ ਕਾਫੀ ਦੌੜਾਂ ਬਣਾਈਆਂ ਹਨ। ਉਹ ਇਸ ਟੂਰਨਾਮੈਂਟ ਦੇ ਇਤਿਹਾਸ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿੱਚੋਂ ਇਕ ਹੈ। ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਧਵਨ ਨੇ 222 IPL ਮੈਚਾਂ 'ਚ 6769 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਦੋ ਸੈਂਕੜੇ ਅਤੇ 51 ਅਰਧ ਸੈਂਕੜੇ ਲਗਾਏ ਹਨ। ਧਵਨ ਦੀ ਔਸਤ 35.26 ਅਤੇ ਸਟ੍ਰਾਈਕ ਰੇਟ 127.14 ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8