ਅਰਸ਼ਦੀਪ ਸਿੰਘ ਖ਼ਿਲਾਫ਼ ICC ਦਾ ਐਕਸ਼ਨ! World Cup Final ''ਚ ਕੀਤੀ ''ਗਲਤੀ'' ਦੀ ਦਿੱਤੀ ਸਜ਼ਾ
Tuesday, Mar 10, 2026 - 04:57 PM (IST)
ਸਪੋਰਟਸ ਡੈਸਕ : ਭਾਰਤ ਦੀ ਟੀ-20 ਵਿਸ਼ਵ ਕੱਪ 2026 ਦੀ ਸ਼ਾਨਦਾਰ ਜਿੱਤ ਦੇ ਵਿਚਕਾਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਨਿਊਜ਼ੀਲੈਂਡ ਵਿਰੁੱਧ ਫਾਈਨਲ ਮੈਚ ਦੌਰਾਨ ਕੀਵੀ ਬੱਲੇਬਾਜ਼ ਡੇਰਿਲ ਮਿਸ਼ੇਲ ਵੱਲ ਗੇਂਦ ਸੁੱਟਣ ਦੇ ਦੋਸ਼ ਵਿੱਚ ਅਰਸ਼ਦੀਪ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਦੇ ਅਨੁਸ਼ਾਸਨੀ ਰਿਕਾਰਡ ਵਿੱਚ ਇੱਕ ਡੀਮੇਰਿਟ ਅੰਕ ਵੀ ਜੋੜਿਆ ਗਿਆ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਨਿਊਜ਼ੀਲੈਂਡ ਦੀ ਪਾਰੀ ਦੇ 11ਵੇਂ ਓਵਰ ਵਿੱਚ ਵਾਪਰੀ ਜਦੋਂ ਅਰਸ਼ਦੀਪ ਸਿੰਘ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਪੰਜਵੀਂ ਗੇਂਦ 'ਤੇ ਡੇਰਿਲ ਮਿਸ਼ੇਲ ਨੇ ਇੱਕ ਡਿਫੈਂਸਿਵ ਸ਼ਾਟ ਖੇਡਿਆ ਅਤੇ ਗੇਂਦ ਉਛਲ ਕੇ ਸਿੱਧੀ ਅਰਸ਼ਦੀਪ ਦੇ ਕੋਲ ਪਹੁੰਚੀ। ਅਰਸ਼ਦੀਪ ਨੇ ਫਾਲੋ-ਥਰੂ ਵਿੱਚ ਗੇਂਦ ਨੂੰ ਵਿਕਟਾਂ ਵੱਲ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਸਿੱਧੀ ਮਿਸ਼ੇਲ ਦੀ ਪੱਟ 'ਤੇ ਜਾ ਲੱਗੀ। ਇਸ ਗੈਰ-ਜ਼ਰੂਰੀ ਥਰੋਅ ਕਾਰਨ ਮਿਸ਼ੇਲ ਕਾਫ਼ੀ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਗੁੱਸੇ ਵਿੱਚ ਅਰਸ਼ਦੀਪ ਵੱਲ ਇਸ਼ਾਰੇ ਕੀਤੇ, ਜਿਸ ਨਾਲ ਮੈਦਾਨ 'ਤੇ ਤਣਾਅ ਵਾਲਾ ਮਾਹੌਲ ਬਣ ਗਿਆ। ਸਥਿਤੀ ਨੂੰ ਵਿਗੜਦਾ ਦੇਖ ਕੇ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਤੁਰੰਤ ਦਖਲ ਦਿੱਤਾ ਅਤੇ ਮਿਸ਼ੇਲ ਨੂੰ ਸ਼ਾਂਤ ਕਰਵਾਇਆ।
ਆਈਸੀਸੀ ਦੇ ਨਿਯਮਾਂ ਦੀ ਉਲੰਘਣਾ
ਆਈਸੀਸੀ ਨੇ ਅਰਸ਼ਦੀਪ ਸਿੰਘ ਨੂੰ ਖਿਡਾਰੀਆਂ ਅਤੇ ਸਪੋਰਟ ਸਟਾਫ ਲਈ ਬਣੀ ਆਚਾਰ ਸੰਹਿਤਾ ਦੇ ਲੇਵਲ-1 ਦੀ ਉਲੰਘਣਾ ਦਾ ਦੋਸ਼ੀ ਪਾਇਆ ਹੈ। ਉਨ੍ਹਾਂ 'ਤੇ ਆਰਟੀਕਲ 2.9 ਦੇ ਤਹਿਤ ਕਾਰਵਾਈ ਕੀਤੀ ਗਈ ਹੈ, ਜੋ ਕਿ ਕਿਸੇ ਅੰਤਰਰਾਸ਼ਟਰੀ ਮੈਚ ਦੌਰਾਨ ਕਿਸੇ ਖਿਡਾਰੀ ਵੱਲ ਗਲਤ ਜਾਂ ਖ਼ਤਰਨਾਕ ਤਰੀਕੇ ਨਾਲ ਗੇਂਦ ਸੁੱਟਣ ਨਾਲ ਸਬੰਧਤ ਹੈ।
ਅਰਸ਼ਦੀਪ ਨੇ ਮੰਗੀ ਮਾਫੀ
ਮੈਚ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਇਸ ਘਟਨਾ 'ਤੇ ਆਪਣੀ ਚੁੱਪੀ ਤੋੜਦਿਆਂ ਆਪਣੀ ਗਲਤੀ ਸਵੀਕਾਰ ਕੀਤੀ। ਉਨ੍ਹਾਂ ਕਿਹਾ, "ਮੈਂ ਤੁਰੰਤ ਮਿਸ਼ੇਲ ਤੋਂ ਮਾਫੀ ਮੰਗਣ ਗਿਆ ਸੀ। ਜਦੋਂ ਮੈਂ ਗੇਂਦ ਸੁੱਟੀ ਤਾਂ ਉਹ ਰਿਵਰਸ ਸਵਿੰਗ ਹੋ ਗਈ ਅਤੇ ਉਨ੍ਹਾਂ ਨੂੰ ਜਾ ਲੱਗੀ"।
