ਧਾਕੜ ਕ੍ਰਿਕਟਰ ਦੀ ਮੌਤ 'ਤੇ ਪੁੱਤ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ! ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ

Wednesday, Apr 15, 2026 - 11:35 AM (IST)

ਧਾਕੜ ਕ੍ਰਿਕਟਰ ਦੀ ਮੌਤ 'ਤੇ ਪੁੱਤ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ! ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ

ਸਿਡਨੀ– ਸ਼ੇਨ ਵਾਰਨ ਦੇ ਦਿਹਾਂਤ ਦੇ 4 ਸਾਲ ਬਾਅਦ ਉਸ ਦੇ ਬੇਟੇ ਜੈਕਸਨ ਨੇ ਦਾਅਵਾ ਕੀਤਾ ਹੈ ਕਿ ਇਸ ਧਾਕੜ ਸਪਿੰਨਰ ਦੀ ਮੌਤ ਸੰਭਵ ਤੌਰ ’ਤੇ ਕੋਵਿਡ ਦੇ ਉਨ੍ਹਾਂ 3 ਜਾਂ 4 ਟੀਕਿਆਂ ਕਾਰਨ ਹੋਈ ਸੀ ਜਿਹੜੇ ਉਸ ਨੂੰ ‘ਕੰਮ ਕਰਨ ਲਈ ਮਜਬੂਰਨ ਲੈਣੇ ਪਏ ਸਨ।’’

ਜੈਕਸਨ ਨੇ ਇਕ ਗੱਲਬਾਤ ਕਰਦੇ ਹੋਏ ਆਪਣੇ ਪਿਤਾ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਸਵੀਕਾਰ ਕੀਤਾ। ਵਾਰਨ ਦਾ 2022 ’ਚ ਥਾਈਲੈਂਡ ’ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਉਸ ਸਮੇਂ ਉਸ ਦੀ ਉਮਰ 52 ਸਾਲ ਸੀ।

ਜੈਕਸਨ ਨੇ ਕਿਹਾ, ‘‘ਮੈਨੂੰ ਪੱਕਾ ਲੱਗਦਾ ਹੈ ਕਿ ਇਸ ’ਚ ‘ਕੋਵਿਡ ਟੀਕੇ ਦਾ ਹੱਥ’ ਸੀ। ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਕਹਿਣ ਨਾਲ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਹੋਵੇਗਾ। ਭਾਵੇਂ ਹੀ ਡੈਡ (ਪਿਤਾ) ਨੂੰ ਪਹਿਲਾਂ ਤੋਂ ਹੀ ਕੁਝ ਸਿਹਤ ਸਮੱਸਿਆਵਾਂ ਸਨ ਪਰ ਮੈਨੂੰ ਲੱਗਦਾ ਹੈ ਕਿ ਟੀਕਾ ਲਗਾਉਣ ਕਾਰਨ ਉਨ੍ਹਾਂ ਦੀ ਬਿਮਾਰੀ ਖੁੱਲ੍ਹ ਕੇ ਸਾਹਮਣੇ ਆ ਗਈ। ਇਹ ਇਕ ਅਜਿਹੀ ਗੱਲ ਹੈ ਜਿਸ ਬਾਰੇ ਮੈਂ ਹਮੇਸ਼ਾ ਸੋਚਦਾ ਰਹਿੰਦਾ ਹਾਂ।’’

ਉਸ ਨੇ ਕਿਹਾ, ‘‘ਜਿਵੇਂ ਹੀ ਮੈਂ (ਵਾਰਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ) ਫੋਨ ਰੱਖਿਆ ਤਾਂ ਮੇਰੀ ਪਹਿਲੀ ਪ੍ਰਤੀਕਿਰਿਆ ਇਹੀ ਸੀ ਕਿ ਮੈਂ ਤੁਰੰਤ ਸਰਕਾਰ ਨੂੰ ਦੋਸ਼ੀ ਠਹਿਰਾਇਆ। ਮੈਂ ਤੁਰੰਤ ਕੋਵਿਡ ਤੇ ਟੀਕੇ ਨੂੰ ਦੋਸ਼ੀ ਠਹਿਰਾਇਆ।’’

ਜੈਕਸਨ ਨੇ ਕਿਹਾ ਕਿ ਉਸ ਨੇ ਸ਼ੋਕ ਸਭਾ ’ਚ ਆਪਣੇ ਵਿਚਾਰਾਂ ਨੂੰ ਸਪੱਸ਼ਟ ਰੂਪ ’ਚ ਪ੍ਰਗਟ ਕਰਨ ਤੋਂ ਖੁਦ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ ਸੀ।

ਉਸ ਨੇ ਕਿਹਾ, ‘‘ਸ਼ਾਇਦ ਇਹ ਸਮਝਦਾਰੀ ਵਾਲਾ ਕਦਮ ਸੀ ਕਿ ਮੈਂ ਅਜਿਹਾ ਨਹੀਂ ਕੀਤਾ, ਜੇਕਰ ਮੈਂ ਅਜਿਹਾ ਕੀਤਾ ਹੁੰਦਾ ਤਾਂ ਮੇਰੀ ਸਥਿਤੀ ਬਿਲਕੁਲ ਵੱਖਰੀ ਹੁੰਦੀ ਪਰ ਮੈਨੂੰ ਇਹੀ ਮਹਿਸੂਸ ਹੋਇਆ।’’

ਜੈਕਸਨ ਨੇ ਕਿਹਾ, ‘‘ਪਹਿਲਾਂ ਵੀ ਦਿਲ ਦਾ ਦੌਰਾ ਪੈਣ ਨਾਲ ਬਹੁਤ ਸਾਰੇ ਲੋਕ ਮਰ ਰਹੇ ਸਨ ਪਰ ਡੈਡ ਠੀਕ ਸਨ। ਮੈਨੂੰ ਲੱਗਦਾ ਹੈ ਉਨ੍ਹਾਂ ਨੇ 3 ਜਾਂ 4 (ਟੀਕੇ) ਲਗਵਾਏ ਹੋਣਗੇ। ਉਹ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਸਨ ਪਰ ਹੋਰ ਲੋਕਾਂ ਵਾਂਗ ਕੰਮ ਕਰਨ ਲਈ ਉਨ੍ਹਾਂ ਨੂੰ ਮਜਬੂਰਨ ਇਨ੍ਹਾਂ ਨੂੰ ਲੈਣਾ ਪਿਆ।’’

ਉਸ ਨੇ ਕਿਹਾ, ‘‘ਮੈਂ ਇਸ ਦੇ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੁੰਦਾ ਕਿਉਂਕਿ ਇਸ ਨਾਲ ਸਿਰਫ ਗੁੱਸਾ ਹੀ ਵਧਦਾ ਹੈ। ਗੁੱਸਾ ਕਿਸੇ ਲਈ ਵੀ ਚੰਗਾ ਨਹੀਂ ਹੁੰਦਾ ਹੈ।’’

ਵਾਰਨ ਦੀ ਜੀਵਨਸ਼ੈਲੀ ਦੇ ਬਾਰੇ ਜੈਕਸਨ ਨੇ ਕਿਹਾ ਕਿ ਸਿਗਰਟਨੋਸ਼ੀ ਤੇ ਸ਼ਰਾਬ ਪੀਣ ਦੇ ਬਾਵਜੂਦ ਉਹ ਲੱਗਭਗ ਸਿਹਤਮੰਦ ਸੀ। ਉਸ ਨੇ ਕਿਹਾ, ‘‘ਉਸ ਸਮੇਂ ਡੈਡ ਸਿਹਤਮੰਦ ਸੀ, ਖੁਸ਼ ਸੀ। ਉਹ ਕਾਫੀ ਸਮੇਂ ਬਾਅਦ ਇੰਨੇ ਚੰਗੇ ਦਿਖ ਰਹੇ ਸਨ। ਉਹ ਜ਼ਰੂਰ ਸਿਗਰਟਨੋਸ਼ੀ ਕਰਦੇ ਸਨ ਤੇ ਸ਼ਰਾਬ ਪੀਂਦੇ ਸਨ ਪਰ 80 ਤੇ 90 ਸਾਲ ਦੀ ਉਮਰ ਦੇ ਕਈ ਲੋਕ ਡੈਡ ਦੀ ਤੁਲਨਾ ’ਚ ਕਿਤੇ ਜ਼ਿਆਦਾ ਸਿਗਰਟਨੋਸ਼ੀ ਕਰਦੇ ਹਨ ਤੇ ਸ਼ਰਾਬ ਪੀਂਦੇ ਹਨ।’’

ਵਾਰਨ ਦਿਹਾਂਤ ਤੋਂ ਕੁਝ ਮਹੀਨੇ ਪਹਿਲਾਂ ਕੋਵਿਡ-19 ਦਾ ਸ਼ਿਕਾਰ ਹੋ ਗਿਆ ਸੀ। ਜਦੋਂ ਉਸ ਦੀ ਅਚਾਨਕ ਮੌਤ ਹੋਈ ਤਾਂ ਉਦੋਂ ਉਹ ਕਿਸੇ ਤਰ੍ਹਾਂ ਦੀ ਗੰਭੀਰ ਬਿਮਾਰੀ ਨਾਲ ਨਹੀਂ ਜੂਝ ਰਿਹਾ ਸੀ।


author

Tarsem Singh

Content Editor

Related News