MS ਧੋਨੀ ਤੋਂ ਬਾਅਦ ਹੁਣ ਇਸ ਕ੍ਰਿਕਟਰ 'ਤੇ ਬਣੇਗੀ ਫਿਲਮ, ਰਾਜਕੁਮਾਰ ਰਾਓ ਨਿਭਾਉਣਗੇ ਮੁੱਖ ਕਿਰਦਾਰ
Wednesday, Apr 01, 2026 - 08:27 PM (IST)
ਮਨੋਰੰਜਨ ਡੈਸਕ : ਐਮ.ਐਸ. ਧੋਨੀ ਦੀ ਸੁਪਰਹਿੱਟ ਬਾਇਓਪਿਕ ਤੋਂ ਬਾਅਦ ਹੁਣ ਕ੍ਰਿਕਟ ਦੇ ਇੱਕ ਹੋਰ ਦਿੱਗਜ ਦੀ ਜ਼ਿੰਦਗੀ ਨੂੰ ਪਰਦੇ 'ਤੇ ਉਤਾਰਨ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ, ਸੌਰਵ ਗਾਂਗੁਲੀ ਯਾਨੀ 'ਦਾਦਾ' ਦੀ ਸੰਘਰਸ਼ਮਈ ਅਤੇ ਸ਼ਾਨਦਾਰ ਕਹਾਣੀ ਹੁਣ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ। ਇਸ ਫਿਲਮ ਦੀ ਸ਼ੂਟਿੰਗ ਰਸਮੀ ਤੌਰ 'ਤੇ ਸ਼ੁਰੂ ਹੋ ਗਈ ਹੈ, ਜਿਸ ਵਿੱਚ ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਰਾਜਕੁਮਾਰ ਰਾਓ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਧੋਨੀ ਦੀ ਫਿਲਮ ਵਾਂਗ ਹੀ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ 'ਦਾਦਾ' ਦੀ ਇਹ ਫਿਲਮ ਵੀ ਕ੍ਰਿਕਟ ਅਤੇ ਜਜ਼ਬਾਤਾਂ ਦਾ ਇੱਕ ਅਨੋਖਾ ਸੁਮੇਲ ਸਾਬਤ ਹੋਵੇਗੀ। ਇਸ ਫਿਲਮ ਰਾਹੀਂ ਪ੍ਰਸ਼ੰਸਕਾਂ ਨੂੰ 'ਦਾਦਾ' ਦੇ ਕ੍ਰਿਕਟ ਕਰੀਅਰ, ਉਨ੍ਹਾਂ ਦੇ ਸੰਘਰਸ਼ ਅਤੇ ਕਪਤਾਨੀ ਦੇ ਸੁਨਹਿਰੀ ਦੌਰ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ।
ਰਾਜਕੁਮਾਰ ਰਾਓ ਬਣਨਗੇ 'ਦਾਦਾ'
ਫਿਲਮ ਵਿੱਚ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਰਾਜਕੁਮਾਰ ਰਾਓ, ਗਾਂਗੁਲੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸੌਰਵ ਗਾਂਗੁਲੀ ਨੇ ਖੁਦ ਇੱਕ ਇੰਟਰਵਿਊ ਦੌਰਾਨ ਰਾਜਕੁਮਾਰ ਰਾਓ ਨੂੰ ਇਸ ਭੂਮਿਕਾ ਲਈ ਸਭ ਤੋਂ ਸਹੀ ਚੋਣ ਦੱਸਿਆ ਸੀ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ ਸੀ। ਰਾਜਕੁਮਾਰ ਰਾਓ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਅਤੇ ਇਹ ਸ਼ੁਰੂ ਹੁੰਦਾ ਹੈ... ਵਨ ਐਂਡ ਓਨਲੀ ਦਾਦਾ"।
ਨਾਮਵਰ ਨਿਰਦੇਸ਼ਕ ਤੇ ਨਿਰਮਾਤਾਵਾਂ ਦੀ ਟੀਮ
ਇਸ ਫਿਲਮ ਦਾ ਨਿਰਦੇਸ਼ਨ ਚਰਚਿਤ ਫਿਲਮਮੇਕਰ ਵਿਕ੍ਰਮਾਦਿੱਤਿਆ ਮੋਟਵਾਨੇ ਕਰ ਰਹੇ ਹਨ। ਫਿਲਮ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਆਪਣੀ ਪ੍ਰੋਡਕਸ਼ਨ ਕੰਪਨੀ 'ਲਵ ਫਿਲਮਜ਼' ਦੇ ਬੈਨਰ ਹੇਠ ਪ੍ਰੋਡਿਊਸ ਕਰ ਰਹੇ ਹਨ। ਨਿਰਦੇਸ਼ਕ ਮੋਟਵਾਨੇ ਨੇ ਈਡਨ ਗਾਰਡਨਜ਼ ਦੇ ‘ਸੌਰਵ ਗਾਂਗੁਲੀ ਸਟੈਂਡ’ ਦੀ ਤਸਵੀਰ ਸਾਂਝੀ ਕਰਕੇ ਫਿਲਮ ਦੇ ਸ਼ੁਰੂ ਹੋਣ ਦਾ ਸੰਕੇਤ ਦਿੱਤਾ ਹੈ।
ਕ੍ਰਿਕਟ ਕਰੀਅਰ 'ਤੇ ਹੋਵੇਗੀ ਆਧਾਰਿਤ
ਹਾਲਾਂਕਿ ਮੇਕਰਸ ਨੇ ਅਜੇ ਤੱਕ ਪੂਰੀ ਕਹਾਣੀ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਗਾਂਗੁਲੀ ਦੇ 1992 ਤੋਂ 2008 ਤੱਕ ਦੇ ਸ਼ਾਨਦਾਰ ਕ੍ਰਿਕਟ ਸਫਰ 'ਤੇ ਕੇਂਦਰਿਤ ਹੋਵੇਗੀ। ਦੱਸਣਯੋਗ ਹੈ ਕਿ ਗਾਂਗੁਲੀ ਨੇ ਆਪਣੇ ਕਰੀਅਰ ਵਿੱਚ ਟੈਸਟ ਅਤੇ ਵਨਡੇ ਮਿਲਾ ਕੇ ਕੁੱਲ 18,575 ਰਨ ਬਣਾਏ ਅਤੇ 38 ਸੈਂਕੜੇ ਜੜੇ ਹਨ। ਉਨ੍ਹਾਂ ਨੂੰ ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
