ਕ੍ਰਿਕਟਰ ਸ਼ਾਕਿਬ ਅਲ ਹਸਨ ''ਤੇ ਹੱਤਿਆ ਦਾ ਦੋਸ਼
Friday, Aug 23, 2024 - 04:32 PM (IST)
ਢਾਕਾ- ਬੰਗਲਾਦੇਸ਼ ਦੀ 12ਵੀਂ ਸੰਸਦ 'ਚ ਆਵਾਮੀ ਲੀਗ ਦੇ ਸਾਬਕਾ ਸਾਂਸਦ ਮੈਂਬਰ ਅਤੇ ਕ੍ਰਿਕਟਰ ਸ਼ਾਕਿਬ ਅਲ ਹਸਨ ਅਤੇ ਅਦਾਕਾਰ ਫਿਰਦੌਸ ਅਹਿਮਦ ਦੇ ਖਿਲਾਫ ਹੱਤਿਆ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਢਾਕਾ ਟ੍ਰਿਬਿਊਨ ਦੀ ਸ਼ੁੱਕਰਵਾਰ ਨੂੰ ਜਾਰੀ ਰਿਪੋਰਟ ਅਨੁਸਾਰ ਮ੍ਰਿਤਕ ਰੂਬੇਲ ਦੇ ਪਿਤਾ ਰਫੀਕੁਲ ਇਸਲਾਮ ਨੇ ਵੀਰਵਾਰ ਨੂੰ ਢਾਕਾ ਦੇ ਅਦਬੋਰ ਥਾਣਾ 'ਚ ਮਾਮਲਾ ਦਰਜ ਕਰਵਾਇਆ। ਮਾਮਲੇ 'ਚ ਕ੍ਰਿਕਟਰ ਸ਼ਾਕਿਬ ਨੂੰ 28ਵਾਂ ਦੋਸ਼ੀ ਜਦਕਿ ਫਿਰਦੌਸ ਨੂੰ 55ਵਾਂ ਦੋਸ਼ੀ ਬਣਾਇਆ ਗਿਆ ਹੈ।
ਇਸ ਮਾਮਲੇ 'ਚ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਓਬੈਦੁਲ ਕਾਦਰ ਅਤੇ 154 ਹੋਰ ਲੋਕਾਂ 'ਤੇ ਵੀ ਦੋਸ਼ ਲਗਾਏ ਗਏ ਹਨ। ਇਸ ਮਾਮਲੇ 'ਚ ਕਰੀਬ 400-500 ਅਣਪਛਾਤੇ ਲੋਕ ਵੀ ਦੋਸ਼ੀ ਹਨ। ਅਦਾਲਤ ਦੇ ਬਿਆਨ ਅਨੁਸਾਰ ਪੰਜ ਅਗਸਤ ਨੂੰ, ਰੂਬੇਲ ਅਡਾਬੋਰ 'ਚ ਰਿੰਗ ਰੋਡ 'ਤੇ ਇਕ ਵਿਰੋਧ ਮਾਰਚ 'ਚ ਸ਼ਾਮਲ ਹੋਏ ਸਨ। ਉਸ ਦੌਰਾਨ ਕਿਸੇ ਨੇ ਕਥਿਤ ਤੌਰ 'ਤੇ ਅਪਰਾਧਿਕ ਸਾਜ਼ਿਸ਼ ਦੇ ਤਹਿਤ ਭੀੜ 'ਤੇ ਗੋਲੀਆਂ ਚਲਾਈਆਂ। ਹਮਲੇ 'ਚ ਰੂਬੇਲ ਛਾਤੀ ਤੇ ਢਿੱਡ 'ਚ ਗੋਲੀ ਲੱਗਣ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਸੱਤ ਅਗਸਤ ਨੂੰ ਉਨ੍ਹਾਂ ਦੀ ਮੌਤ ਹੋ ਗਈ।