ਸ਼ਬਨੀਮ ਇਸਮਾਈਲ ਨੇ ਰਚਿਆ ਇਤਿਹਾਸ, ਮਹਿਲਾ ਕ੍ਰਿਕਟ 'ਚ ਸਭ ਤੋਂ ਤੇਜ਼ ਗੇਂਦ ਸੁੱਟੀ
Wednesday, Mar 06, 2024 - 01:49 PM (IST)
ਨਵੀਂ ਦਿੱਲੀ— ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਨੇ ਮਹਿਲਾ ਕ੍ਰਿਕਟ 'ਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦਬਾਜ਼ੀ ਕਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਗੇਂਦ ਦੀ ਗਤੀ ਨੂੰ ਮਾਪਣ ਵਾਲੀ ਮਸ਼ੀਨ 'ਸਪੀਡ ਗਨ' ਦੇ ਆਉਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਹਿਲਾ ਕ੍ਰਿਕਟ 'ਚ ਕਿਸੇ ਗੇਂਦਬਾਜ਼ ਨੇ 130 ਕਿਲੋਮੀਟਰ ਪ੍ਰਤੀ ਘੰਟੇ ਤੋਂ ਜ਼ਿਆਦਾ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਹੈ।
ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) 'ਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹੋਏ ਇਸਮਾਈਲ ਨੇ ਇੱਥੇ ਦਿੱਲੀ ਕੈਪੀਟਲਸ ਖਿਲਾਫ ਮੈਚ ਦੌਰਾਨ 132.1 ਕਿਲੋਮੀਟਰ (80.08 ਮੀਲ ਪ੍ਰਤੀ ਘੰਟਾ) ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਨਵਾਂ ਰਿਕਾਰਡ ਬਣਾਇਆ। ਮਹਿਲਾ ਕ੍ਰਿਕਟ 'ਚ ਇਹ ਸਭ ਤੋਂ ਤੇਜ਼ ਗੇਂਦ ਆਸਟ੍ਰੇਲੀਆ ਦੀ ਸਾਬਕਾ ਕਪਤਾਨ ਮੇਗ ਲੈਨਿੰਗ ਦੇ ਪੈਡ 'ਤੇ ਲੱਗੀ। ਮੰਗਲਵਾਰ ਨੂੰ ਖੇਡੇ ਗਏ ਮੈਚ ਦੇ ਤੀਜੇ ਓਵਰ ਦੀ ਇਹ ਦੂਜੀ ਗੇਂਦ ਸੀ।
ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਨੇ ਐੱਲਬੀਡਬਲਯੂ ਦੀ ਅਪੀਲ ਕੀਤੀ ਪਰ ਅੰਪਾਇਰ ਨੇ ਇਸ ਨੂੰ ਠੁਕਰਾ ਦਿੱਤਾ। ਦੱਖਣੀ ਅਫਰੀਕਾ ਲਈ ਪਿਛਲੇ 8 ਮਹਿਲਾ ਟੀ-20 ਵਿਸ਼ਵ ਕੱਪ 'ਚ ਹਿੱਸਾ ਲੈ ਚੁੱਕੀ ਇਸਮਾਈਲ ਨੇ ਪਿਛਲੇ ਸਾਲ ਆਪਣੀ ਧਰਤੀ 'ਤੇ ਖੇਡੇ ਗਏ ਮੁਕਾਬਲੇ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ 2016 'ਚ ਵੈਸਟਇੰਡੀਜ਼ ਖਿਲਾਫ 128 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਸੀ। ਇਸਮਾਈਲ ਨੇ 2022 ਵਿੱਚ ਮਹਿਲਾ ਵਿਸ਼ਵ ਕੱਪ ਦੌਰਾਨ ਦੋ ਵਾਰ 127 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕੀਤੀ ਸੀ।
ਮੈਚ ਤੋਂ ਬਾਅਦ ਜਦੋਂ ਇਸਮਾਈਲ ਤੋਂ ਇਸ ਰਿਕਾਰਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, 'ਜਦੋਂ ਮੈਂ ਗੇਂਦਬਾਜ਼ੀ ਕਰਦਾ ਹਾਂ ਤਾਂ ਮੈਂ ਵੱਡੇ ਪਰਦੇ 'ਤੇ ਨਹੀਂ ਦੇਖਦਾ।' ਹਾਲਾਂਕਿ ਇਸਮਾਇਲ ਇਸ ਮੈਚ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਚਾਰ ਓਵਰਾਂ 'ਚ 46 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਮੁੰਬਈ ਇੰਡੀਅਨਜ਼ ਨੂੰ 29 ਦੌੜਾਂ ਨਾਲ ਹਰਾਇਆ।