ਆਲ ਇੰਗਲੈਂਡ ਓਪਨ ’ਚ ਸਾਤਵਿਕ-ਚਿਰਾਗ ਨੇ 3 ਵਾਰ ਦੇ ਵਿਸ਼ਵ ਚੈਂਪੀਅਨ ਨੂੰ ਹਰਾਇਆ
Saturday, Mar 16, 2024 - 01:32 PM (IST)
ਬਰਮਿੰਘ–ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਆਲ ਇੰਗਲੈਂਡ ਓਪਨ ’ਚ 3 ਵਾਰ ਦੇ ਵਿਸ਼ਵ ਚੈਂਪੀਅਨ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਅਤੇ ਹੇਂਡਰਾ ਸੇਤਿਆਵਾਨ ਦੀ ਜੋੜੀ ਨੂੰ ਡਬਲਜ਼ ਮੁਕਾਬਲੇ ’ਚ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਫ੍ਰੈਂਚ ਓਪਨ 2024 ਦੇ ਜੇਤੂ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਅਹਿਸਾਨ ਅਤੇ ਸੇਤਿਆਵਾਨ ਨੂੰ 21-18, 21-14 ਨਾਲ ਹਰਾ ਕੇ ਟੂਰਨਾਮੈਂਟ ਦੇ ਦੂਜੇ ਰਾਊਂਡ ’ਚ ਜਗ੍ਹਾ ਬਣਾਈ। ਭਾਰਤੀ ਜੋੜੀ ਦੂਜੇ ਦੌਰ ’ਚ ਇੰਡੋਨੇਸ਼ੀਆ ਦੇ ਮੁਹੰਮਦ ਸ਼ੋਹਿਬੁਲ ਫਿਕਰੀ ਅਤੇ ਬਗਾਸ ਮੌਲਾਨਾ ਦੀ ਜੋੜੀ ਨਾਲ ਮੁਕਾਬਲਾ ਕਰੇਗੀ।
ਪੁਰਸ਼ ਸਿੰਗਲਜ਼ ਵਰਗ ’ਚ ਲਕਸ਼ੈ ਸੇਨ ਨੇ ਡੈੱਨਮਾਰਕ ਦੇ ਮੈਗਨਸ ਜੋਨਾਸੇਨ ਨੂੰ ਹਰਾ ਕੇ ਟੂਰਨਾਮੈਂਟ ਦੇ ਦੂਜੇ ਰਾਊਂਡ ’ਚ ਜਗ੍ਹਾ ਬਣਾਈ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਲਕਸ਼ੈ ਨੇ 40 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ ਜੋਨਾਸੇਨ ਨੂੰ 21-14, 21-14 ਨਾਲ ਹਰਾਇਆ। ਰਾਊਂਡ ਆਫ 16 ’ਚ 22 ਸਾਲਾ ਖਿਡਾਰੀ ਦਾ ਸਾਹਮਣਾ ਟੂਰਨਾਮੈਂਟ ’ਚ ਚੌਥਾ ਦਰਜਾ ਹਾਸਲ ਡੈੱਨਮਾਰਕ ਦੇ ਐਂਡਰਸ ਐਂਟੋਨਸੇਨ ਨਾਲ ਹੋਵੇਗਾ। ਤਨੀਸ਼ਾ ਕ੍ਰਾਸਟੋ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਹਾਂਗਕਾਂਗ ਦੀ ਯੇਗੁੰਗ ਟਿੰਗ ਅਤੇ ਯੇਯੁੰਗ ਲੈਮ ਦੀ ਜੋੜੀ ਨੂੰ 21-13, 21-18 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ।