ਸ਼ਰਤ ਅਤੇ ਸਾਥਿਆਨ ਨੂੰ ਹੰਗਰੀ ਓਪਨ ''ਚ ਚਾਂਦੀ, ਜਦਕਿ ਨੌਜਵਾਨ ਹੰਸਿਨੀ ਨੂੰ ਸਵੀਡਨ ਵਿਚ ਕਾਂਸੀ

02/23/2020 4:41:15 PM

ਬੁਡਪੇਸਟ : ਅਚੰਤ ਸ਼ਰਤ ਕਮਲ ਅਤੇ ਜੀ ਸਾਥਿਆਨ ਦੀ ਭਾਰਤ ਦੀ ਪੁਰਸ਼ ਡਬਲਜ਼ ਜੋੜੀ ਨੂੰ ਇੱਥੇ ਆਈ. ਟੀ. ਟੀ. ਐੱਫ. ਵਰਲਡ ਟੂਰ ਹੰਗਰੀ ਓਪਨ ਦੇ ਫਾਈਨਲ ਵਿਚ ਬੇਨੇਡਿਕਟ ਡੁਡਾ ਅਤੇ ਪੈਟ੍ਰਿਕ ਫ੍ਰਾਂਜਿਸਕਾ ਦੀ ਜਰਮਨੀ ਜੋੜੀ ਖਿਲਾਫ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਸ਼ਨੀਵਾਰ ਨੂੰ ਹੋਏ ਮੁਕਾਬਲੇ ਵਿਚ ਭਾਰਤੀ ਜੋੜੀ ਨੂੰ ਸਖਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ 16ਵਾਂ ਦਰਜਾ ਪ੍ਰਾਪਤ ਜੋੜੀ ਖਿਲਾਫ 30 ਮਿੰਟ ਵਿਚ 5-11, 9-11, 11-8, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵੱਕਾਰੀ ਟੂਰਨਾਮੈਂਟ ਵਿਚ ਸ਼ਰਤ ਕਮਲ ਦਾ ਇਹ ਦੂਜਾ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਮਨਿਕਾ ਬਤਰਾ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਵਿਚ ਕਾਂਸੀ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਸਵੀਡਨ ਦੇ ਓਰੇਬਰੋ ਵਿਚ ਸਵੀਡਿਸ਼ ਜੂਨੀਅਰ ਅਤੇ ਕੈਡੇਟ ਓਪਨ ਵਿਚ ਚੇਨਈ ਦੀ ਮਥਾਨ ਰਾਜਨ ਹੰਸਿਨੀ ਨੇ ਮਿਨੀ ਕੈਡੇਟ ਲੜਕੀਆਂ ਦੇ ਸਿੰਗਲ ਵਰਗ ਵਿਚ ਕਾਂਸੀ ਤਮਗਾ ਜਿੱਤਿਆ। 10 ਸਾਲਾ 5ਵੀਂ ਜਮਾਤ ਦੀ ਵਿਦਿਆਰਥਣ ਹੰਸਿਨੀ ਨੂੰ ਸੈਮੀਫਾਈਨਲ ਵਿਚ ਰੂਸ ਦੀ ਲੂਲੀਆ ਪੁਗੋਵਕਿਨਾ ਖਿਲਾਫ 12-10, 9-11, 5-11, 8-11 ਨਾਲ ਹਾਰ ਝਲਣੀ ਪਈ। ਕੈਡੇਟ ਲੜਕੀਆਂ ਦੇ ਵਰਗ ਵਿਚ ਸੁਹਾਨਾ ਸੈਨੀ ਅਤੇ ਕੈਡੇਟ ਲੜਕੀਆਂ ਦੇ ਸਿੰਗਲ ਵਰਗ ਵਿਚ ਸੁਰੇਸ਼ ਰਾਏ ਪ੍ਰਯੇਸ਼ ਨੇ ਪ੍ਰੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ।


Related News