ਸਾਨੀਆ ਮਹਿਲਾ ਅਤੇ ਮਿਕਸਡ ਡਬਲਜ਼ 'ਚ ਜਿੱਤੀ

Sunday, Jul 09, 2017 - 06:03 PM (IST)

ਲੰਡਨ— ਸਾਨੀਆ ਮਿਰਜ਼ਾ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਦੋਵਾਂ ਦੇ ਤੀਜੇ ਦੌਰ 'ਚ ਜਗ੍ਹਾ ਬਣਾਉਣ 'ਚ ਸਫਲ ਰਹੀ ਜਦਕਿ ਰੋਹਨ ਬੋਪੰਨਾ ਅਤੇ ਪੂਰਵ ਰਾਜਾ ਨੇ ਵੀ ਆਪਣੇ ਜੋੜੀਦਾਰਾਂ ਦੇ ਨਾਲ ਮਿਲ ਕੇ ਇੱਥੇ ਵਿੰਬਲਡਨ 'ਚ ਮਿਕਸਡ ਡਬਲਜ਼ ਮੁਕਾਬਲੇ ਜਿੱਤੇ। ਸਾਨੀਆ ਅਤੇ ਕ੍ਰੋਏਸ਼ੀਆ ਦੇ ਇਵਾਨ ਡੋਡਿੰਗ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੇ ਮਿਕਸਡ ਡਬਲਜ਼ 'ਚ ਯੁਸੁਕੇ ਵਾਤਾਨੁਕੀ ਅਤੇ ਮਕੋਤੋ ਨਿਮੋਮੀਆ ਦੀ ਜਾਪਾਨ ਦੀ ਜੋੜੀ ਨੂੰ ਇਕ ਘੰਟੇ ਅਤੇ 18 ਮਿੰਟ 'ਚ 7-6, 6-2 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ। ਭਾਰਤ ਅਤੇ ਕ੍ਰੋਏਸ਼ੀਆ ਦੀ ਜੋੜੀ ਨੇ ਦੂਜੇ ਦੌਰ ਦੇ ਮੁਕਾਬਲੇ 'ਚ 6 ਐੱਸ. ਲਗਾਏ ਜਦਕਿ ਚਾਰ ਡਬਲ ਫਾਲਟ ਕੀਤੇ। ਕੁਆਰਟਰਫਾਈਨਲ 'ਚ ਜਗ੍ਹਾ ਬਣਾਉਣ ਦੇ ਲਈ ਇਹ ਜੋੜੀ ਹੁਣ ਸਾਬਕਾ ਚੈਂਪੀਅਨ ਹੈਨਰੀ ਕੋਂਟੀਨੇਨ ਅਤੇ ਹੀਥਰ ਵਾਟਸਨ ਨਾਲ ਭਿੜੇਗੀ।

ਮਹਿਲਾ ਡਬਲਜ਼ 'ਚ ਸਾਨੀਆ ਅਤੇ ਬੈਲਜੀਅਮ ਦੀ ਉਨ੍ਹਾਂ ਦੀ ਜੋੜੀਦਾਰ ਕਰਸਟਨ ਫਲਿਪਕੇਂਸ ਨੇ ਨਾਓਮੀ ਬ੍ਰਾਡੀ ਅਤੇ ਹੀਥਰ ਵਾਟਸਨ ਦੀ ਬ੍ਰਿਟੇਨ ਦੀ ਜੋੜੀ ਨੂੰ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਇਸ ਜੋੜੀ ਨੇ ਇਕ ਘੰਟੇ 45 ਮਿੰਟ 'ਚ 6-3, 3-6, 6-4 ਨਾਲ ਜਿੱਤ ਦਰਜ ਕੀਤੀ। ਭਾਰਤ ਅਤੇ ਬੈਲਜੀਅਮ ਦੀ ਇਹ ਤੀਜਾ ਦਰਜਾ ਪ੍ਰਾਪਤ ਜੋੜੀ ਅਗਲੇ ਦੌਰ 'ਚ ਸਵਿਟਜ਼ਰਲੈਂਡ ਦੀ ਮਾਰਟਿਨ ਹਿੰਗਿਸ ਅਤੇ ਚੀਨੀ ਤਾਈਪੇ ਦੀ ਯੁੰਗ ਯਾਨ ਚੇਨ ਦੀ ਤੀਜਾ ਦਰਜਾ ਪ੍ਰਾਪਤ ਜੋੜੀ ਨਾਲ ਭਿੜੇਗੀ। ਮਿਕਸਡ ਡਬਲਜ਼ 'ਚ ਪੂਰਵ ਨੇ ਜਾਪਾਨ ਦੀ ਐਰੀ ਹੋਜੁਮੀ ਦੇ ਨਾਲ ਮਿਲ ਕੇ ਪਹਿਲੇ ਦੌਰ 'ਚ ਜੇਮਸ ਕਾਰੇਟਾਨੀ ਅਤੇ ਰੇਨਾਟਾ ਵੋਰਾਕਾਵਾ ਦੀ ਅਮਰੀਕੀ ਅਤੇ ਚੈਕ ਗਣਰਾਜ ਦੀ ਜੋੜੀ ਨੂੰ 5-7,6-4, 6-2 ਨਾਲ ਹਰਾਇਆ। ਪੂਰਵ ਅਤੇ ਹੋਜੁਮੀ ਅਗਲੇ ਦੌਰ 'ਚ ਡੈਨੀਅਲ ਨੇਸਟਰ ਅਤੇ ਆਂਦ੍ਰੀਆ ਕਲੇਪਾਕ ਦੀ 11ਵਾਂ ਦਰਜਾ ਪ੍ਰਾਪਤ ਜੋੜੀ ਨਾਲ ਭਿੜਨਗੇ। ਫ੍ਰੈਂਚ ਓਪਨ ਜਿੱਤਣ ਦੇ ਇਕ ਮਹੀਨੇ ਬਾਅਦ ਰੋਹਨ ਬੋਪੰਨਾ ਅਤੇ ਗੈਬ੍ਰੀਏਲਾ ਦਾਬ੍ਰੋਵਸਕੀ ਨੇ ਮਿਕਸਡ ਡਬਲਜ਼ 'ਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ। ਭਾਰਤ ਅਤੇ ਕੈਨੇਡਾ ਦੀ 10ਵਾਂ ਦਰਜਾ ਪ੍ਰਾਪਤ ਜੋੜੀ ਨੇ ਫਰਾਂਸ ਦੇ ਫੈਬ੍ਰਿਸ ਮਾਰਟਿਨਾ ਅਤੇ ਰੋਮਾਨੀਆ ਦੀ ਰਾਲੁਕਾ ਓਲਾਰੂ ਨੂੰ 7-6, 7-5 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ।


Related News