ਪੰਚਕੂਲਾ ਤੇ ਮੋਹਾਲੀ ਤੋਂ ਡੇਂਗੂ ਅਤੇ ਵਾਇਰਲ ਦੇ ਮਰੀਜ਼ ਜ਼ਿਆਦਾ

Friday, Sep 13, 2024 - 01:33 PM (IST)

ਚੰਡੀਗੜ੍ਹ (ਪਾਲ) : ਪੰਚਕੂਲਾ ਅਤੇ ਮੋਹਾਲੀ ’ਚ ਇਸ ਵਾਰ ਡੇਂਗੂ ਦੇ ਕਾਫ਼ੀ ਮਾਮਲੇ ਸਾਹਮਣੇ ਆ ਰਹੇ ਹਨ, ਪਰ ਚੰਡੀਗੜ੍ਹ ’ਚ ਹਾਲੇ ਮਾਮਲੇ ਬਹੁਤ ਘੱਟ ਹਨ। ਸਿਹਤ ਨਿਰਦੇਸ਼ਕ ਡਾ. ਸੁਮਨ ਸਿੰਘ ਅਨੁਸਾਰ ਹਰ ਸਾਲ ਡੇਂਗੂ ਦਾ ਸਟ੍ਰੇਨ ਬਦਲ ਜਾਂਦਾ ਹੈ ਪਰ ਹਾਲੇ ਤੱਕ ਮਿਲਿਆ-ਜੁਲਿਆ ਸਟ੍ਰੇਨ ਹੀ ਵੇਖਣ ਨੂੰ ਮਿਲ ਰਿਹਾ ਹੈ। ਵਾਇਰਲ ਅਤੇ ਡੇਂਗੂ ਦੋਹਾਂ ’ਚ ਹੀ ਪਲੇਟਲੈੱਟਸ ਘੱਟ ਹੁੰਦੇ ਹਨ। ਦੋਵਾਂ ਦੇ ਲੱਛਣ ਇੱਕੋ ਜਿਹੇ ਹਨ। ਓ. ਪੀ. ਡੀ. ’ਚ ਡੇਂਗੂ ਦੇ ਨਾਲ-ਨਾਲ ਵਾਇਰਲ ਦੇ ਮਾਮਲੇ ਵੀ ਕਾਫ਼ੀ ਦੇਖਣ ਨੂੰ ਮਿਲ ਰਹੇ ਹਨ। ਡਾਇਰੈਕਟਰ ਅਨੁਸਾਰ ਰੋਜ਼ਾਨਾ 20 ਤੋਂ 30 ਲੋਕਾਂ ਦੀ ਸੈਂਪਲਿੰਗ ਹੋ ਰਹੀ ਹੈ, ਜਿਨ੍ਹਾਂ ’ਚ ਵਾਇਰਲ ਬੁਖ਼ਾਰ, ਡੇਂਗੂ ਅਤੇ ਮਲੇਰੀਆ ਦੀ ਜਾਂਚ ਕੀਤੀ ਜਾਂਦੀ ਹੈ। ਪੰਚਕੂਲਾ ਅਤੇ ਮੋਹਾਲੀ ਬਾਰਡਰ ਹੋਣ ਕਾਰਨ ਅਲਰਟ ’ਤੇ ਹਨ, ਕਿਉਂਕਿ ਜਿਸ ਤਰ੍ਹਾਂ ਦਾ ਮੌਸਮ ਹਾਲੇ ਚੱਲ ਰਿਹਾ ਹੈ, ਆਉਣ ਵਾਲੇ ਦਿਨਾਂ ’ਚ ਮਾਮਲੇ ਵੱਧ ਸਕਦੇ ਹਨ। ਜੀ. ਐੱਮ. ਐੱਸ. ਐੱਚ. ’ਚ ਆਸ-ਪਾਸ ਦੇ ਲੋਕ ਵੀ ਟੈਸਟਿੰਗ ਲਈ ਆਉਂਦੇ ਹਨ। ਚੰਡੀਗੜ੍ਹ ’ਚ ਹੁਣ ਤੱਕ ਡੇਂਗੂ ਦੇ 13 ਅਤੇ ਸਵਾਈਨ ਫਲੂ ਦੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਪੰਚਕੂਲਾ ’ਚ ਹੁਣ ਤੱਕ ਡੇਂਗੂ ਦੇ 285 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਡੇਨ 1 ਅਤੇ 2 ਦਾ ਸਟ੍ਰੇਨ ਜ਼ਿਆਦਾ
ਡਾਕਟਰਾਂ ਅਨੁਸਾਰ ਹਾਲੇ ਤੱਕ ਡੇਨ 2 ਸਟ੍ਰੇਨ ਜ਼ਿਆਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਡੇਨ 1 ਦੇ ਲੱਛਣਾਂ ’ਚ ਬੁਖ਼ਾਰ ਅਤੇ ਸਰੀਰ ’ਚ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦੇ ਨਾਲ ਹੀ ਡੇਨ 2 ਸਟ੍ਰੇਨ ’ਚ ਬਹੁਤ ਜ਼ਿਆਦਾ ਬੁਖ਼ਾਰ, ਉਲਟੀਆਂ, ਗਲੇ ’ਚ ਸੋਜ, ਛਾਤੀ ’ਤੇ ਧੱਫੜ ਅਤੇ ਸਿਰ ਦਰਦ ਵਰਗੇ ਹੋਰ ਲੱਛਣ ਦੇਖੇ ਗਏ ਹਨ। ਇਸ ਸਟ੍ਰੇਨ ਕਾਰਨ ਪਲੇਟਲੈੱਟਸ ’ਚ ਵੀ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ। ਅਜਿਹੀ ਸਥਿਤੀ ’ਚ ਬਹੁਤ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਡੇਨ 2 ’ਚ ਗੰਭੀਰਤਾ ਦੀ ਸੰਭਾਵਨਾ ਵੱਧ ਹੁੰਦੀ ਹੈ।
3 ਦਿਨਾਂ ’ਚ ਕਰਵਾਓ ਐਂਟੀਜਨ ਜਾਂ ਐਂਟੀਬਾਡੀ ਟੈਸਟ
ਡਾ. ਸਿੰਘ ਦਾ ਕਹਿਣਾ ਹੈ ਕਿ ਡੇਂਗੂ ਅਤੇ ਵਾਇਰਲ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ। ਅਜਿਹੀ ਸਥਿਤੀ ’ਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਬੁਖ਼ਾਰ 3 ਦਿਨਾਂ ਬਾਅਦ ਠੀਕ ਨਹੀਂ ਹੋ ਰਿਹਾ ਹੈ ਤਾਂ ਬਿਨਾਂ ਕਿਸੇ ਦੇਰੀ ਦੇ ਐਂਟੀਜਨ ਜਾਂ ਐਂਟੀਬਾਡੀ ਟੈਸਟ ਕਰਵਾਓ। ਐਂਟੀਜਨ ਟੈਸਟ ਦੀ ਰਿਪੋਰਟ ਸਿਰਫ਼ 20 ਮਿੰਟਾਂ ’ਚ ਆ ਜਾਂਦੀ ਹੈ, ਜਦੋਂ ਕਿ ਐਂਟੀਬਾਡੀ ਟੈਸਟ ਦੀ ਰਿਪੋਰਟ ’ਚ 4 ਤੋਂ 5 ਦਿਨਾਂ ਦਾ ਸਮਾਂ ਲੱਗਦਾ ਹੈ। ਐਂਟੀਜਨ ਟੈਸਟ ’ਚ ਸ਼ੁਰੂਆਤੀ ਲੱਛਣਾਂ ਦੇ ਆਧਾਰ ’ਤੇ ਡੇਂਗੂ ਦਾ ਟੈਸਟ ਕੀਤਾ ਜਾਂਦਾ ਹੈ, ਜਦੋਂ ਕਿ ਐਂਟੀਬਾਡੀ ਟੈਸਟ ਡੇਂਗੂ ਦੇ ਲੱਛਣ ਆਉਣ ਦੇ ਇਕ ਹਫ਼ਤੇ ਬਾਅਦ ਵਾਇਰਸ ਦੇ ਟੈਸਟ ਰਾਹੀਂ ਪਤਾ ਲਗਦਾ ਹੈ। ਡੇਂਗੂ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਵਿਭਾਗ ਰੋਜ਼ਾਨਾ ਡੇਂਗੂ ਐਡਵਾਈਜ਼ਰੀ ਵੀ ਜਾਰੀ ਕਰ ਰਿਹਾ ਹੈ। ਡੇਂਗੂ ਹੈਲਪਲਾਈਨ 7626002036 ’ਤੇ ਸੰਪਰਕ ਕੀਤਾ ਜਾ ਸਕਦਾ ਹੈ।


Babita

Content Editor

Related News