ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਲਿਖੀ ਭਾਵੁਕ ਪੋਸਟ

01/14/2023 3:20:34 PM

ਸਪੋਰਟਸ ਡੈਸਕ- ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਅਧਿਕਾਰਤ ਤੌਰ 'ਤੇ ਪੇਸ਼ੇਵਰ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਪਾ ਕੇ ਕੀਤਾ ਹੈ। ਭਾਰਤੀ ਟੈਨਿਸ ਸਟਾਰ ਨੇ ਕਿਹਾ ਕਿ ਆਸਟ੍ਰੇਲੀਅਨ ਓਪਨ ਤੋਂ ਬਾਅਦ ਦੁਬਈ ਓਪਨ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਉਹ ਆਪਣੇ ਬੇਟੇ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੇਗੀ। 

ਉਸਨੇ ਅੱਗੇ ਲਿਖਿਆ ਕਿ 30 ਸਾਲ ਪਹਿਲਾਂ ਹੈਦਰਾਬਾਦ ਦੀ ਇੱਕ 6 ਸਾਲ ਦੀ ਬੱਚੀ ਪਹਿਲੀ ਵਾਰ ਕੋਰਟ 'ਤੇ ਗਈ, ਆਪਣੀ ਮਾਂ ਨਾਲ ਗਈ ਅਤੇ ਕੋਚ ਨੇ ਟੈਨਿਸ ਖੇਡਣ ਦਾ ਤਰੀਕਾ ਦੱਸਿਆ। ਸਾਨੀਆ ਮਿਰਜ਼ਾ ਅੱਗੇ ਲਿਖਦੀ ਹੈ ਕਿ ਮੈਂ ਸੋਚਦੀ ਸੀ ਕਿ ਮੈਂ ਟੈਨਿਸ ਸਿੱਖਣ ਲਈ ਬਹੁਤ ਛੋਟੀ ਸੀ। ਮੇਰੇ ਸੁਪਨਿਆਂ ਦੀ ਲੜਾਈ 6 ਸਾਲ ਦੀ ਉਮਰ ਤੋਂ ਸ਼ੁਰੂ ਹੋ ਗਈ ਸੀ।

ਇਹ ਵੀ ਪੜ੍ਹੋ : ਹਾਕੀ ਵਿਸ਼ਵ ਕੱਪ: ਭਾਰਤ ਦੇ ਪਹਿਲੇ ਮੁਕਾਬਲੇ ਤੋਂ ਪਹਿਲਾਂ ਖੇਡ ਮੰਤਰੀ ਨੇ ਪੰਜਾਬ ਦੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ

ਸਾਨੀਆ ਕਹਿੰਦੀ ਹੈ, ‘ਇਹ ਮੇਰੇ ਮਾਤਾ-ਪਿਤਾ ਅਤੇ ਭੈਣ, ਮੇਰੇ ਪਰਿਵਾਰ, ਮੇਰੇ ਕੋਚ, ਫਿਜ਼ੀਓ ਅਤੇ ਪੂਰੀ ਟੀਮ ਦੇ ਸਮਰਥਨ ਤੋਂ ਬਿਨਾਂ ਸੰਭਵ ਨਹੀਂ ਸੀ, ਜੋ ਚੰਗੇ ਅਤੇ ਮਾੜੇ ਸਮੇਂ ਵਿੱਚ ਮੇਰੇ ਨਾਲ ਖੜ੍ਹੇ ਰਹੇ। ਮੈਂ ਹਰ ਇੱਕ ਨਾਲ ਆਪਣਾ ਹਾਸਾ, ਹੰਝੂ, ਦਰਦ ਅਤੇ ਖੁਸ਼ੀ ਸਾਂਝੀ ਕੀਤੀ ਹੈ। ਮੈਂ ਇਸਦੇ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਸਾਰਿਆਂ ਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦੌਰ ਵਿੱਚ ਮੇਰੀ ਮਦਦ ਕੀਤੀ ਹੈ। ਤੁਸੀਂ ਹੈਦਰਾਬਾਦ ਦੀ ਇਸ ਛੋਟੀ ਬੱਚੀ ਨੂੰ ਨਾ ਸਿਰਫ਼ ਸੁਪਨੇ ਦੇਖਣ ਦੀ ਹਿੰਮਤ ਦਿੱਤੀ, ਸਗੋਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਵੀ ਮਦਦ ਕੀਤੀ।

ਸਾਨੀਆ ਮਿਰਜ਼ਾ ਦੀਆਂ ਉਪਲੱਬਧੀਆਂ

ਸਾਨੀਆ ਮਿਰਜਾ ਡਬਲਜ਼ 'ਚ 6 ਗ੍ਰੈਂਡ ਸਲੈਮ ਜਿੱਤ ਚੁੱਕੀ ਹੈ। ਉਹ 2009 'ਚ ਆਸਟ੍ਰੇਲੀਅਨ ਓਪਨ ਮਿਕਸਡ ਡਬਲਜ਼, 2012 'ਚ ਫ੍ਰੈਂਚ ਓਪਨ ਮਿਕਸਡ ਡਬਲਜ਼, 2014 'ਚ ਯੂ. ਐੱਸ. ਓਪਨ ਮਿਕਸਡ ਡਬਲਜ਼, 2015 'ਚ ਵਿੰਬਲਡਨ ਵਿਮੈਂਸ ਡਬਲਜ਼, 2015 'ਚ ਯੂ. ਐੱਸ. ਓਪਨ ਵਿਮੈਂਸ  ਡਬਲਜ਼, 2016 'ਚ ਆਸਟ੍ਰੇਲੀਅਨ ਓਪਨ ਵਿਮੈਂਸ ਡਬਲਜ਼ ਦੇ ਖ਼ਿਤਾਬ ਜਿੱਤ ਚੁੱਕੀ ਹੈ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ 2004 'ਚ ਅਰਜੁਨ ਐਵਾਰਡ, 2006 'ਚ ਪਦਮਸ਼੍ਰੀ ਐਵਾਰਡ, 2015 'ਚ ਰਾਜੀਵ ਗਾਂਧੀ ਖੇਡ ਰਤਨ ਤੇ 2016 'ਚ ਪਦਮ ਭੂਸ਼ਣ ਐਵਾਰਡ ਵਰਗੇ ਸਨਮਾਨ ਹਾਸਲ ਕਰ ਚੁੱਕੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News