ਕ੍ਰਿਕਟਰ ਨਾਲ ਮੈਚ ਦੌਰਾਨ ਵਾਪਰਿਆ 'ਹਾਦਸਾ', ਆਕਸੀਜ਼ਨ ਸਹਾਰੇ ਪਹੁੰਚਾਇਆ ਹਸਪਤਾਲ

Friday, Apr 26, 2019 - 01:32 PM (IST)

ਕ੍ਰਿਕਟਰ ਨਾਲ ਮੈਚ ਦੌਰਾਨ ਵਾਪਰਿਆ 'ਹਾਦਸਾ', ਆਕਸੀਜ਼ਨ ਸਹਾਰੇ ਪਹੁੰਚਾਇਆ ਹਸਪਤਾਲ

ਸਪੋਰਟਸ ਡੈਸਕ— ਆਈ.ਸੀ.ਸੀ. ਵਰਲਡ ਕੱਪ ਦਾ ਇਸ ਵਾਰ ਆਯੋਜਨ ਇੰਗਲੈਂਡ 'ਚ ਹੋਣਾ ਹੈ ਪਰ ਇਸ ਸਮੇਂ ਟੀਮ ਦੇ ਕਈ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋ ਜਾਣ ਨਾਲ ਇੰਗਲੈਂਡ ਕ੍ਰਿਕਟ ਬੋਰਡ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ ਜਦਕਿ ਇਸ ਸੂਚੀ 'ਚ ਨਵਾਂ ਨਾਂ ਸੈਮ ਬਿਲਿੰਗਸ ਦਾ ਜੁੜਿਆ ਹੈ। ਦਰਅਸਲ ਮੈਚ ਦੌਰਾਨ ਸੈਮ ਬਿਲਿੰਗਸ ਦਾ ਮੋਢਾ ਉਤਰ ਗਿਆ।

ਉਂਝ ਤਾਂ ਸੈਮ ਬਿਲਿੰਗਸ ਇੰਗਲੈਂਡ ਦੀ ਵਰਲਡ ਕੱਪ ਟੀਮ ਦਾ ਹਿੱਸਾ ਨਹੀਂ ਹਨ, ਪਰ ਉਹ ਆਇਰਲੈਂਡ ਅਤੇ ਪਾਕਿਸਤਾਨ ਖਿਲਾਫ ਟੀ-20 'ਚ ਵਿਕਟਕੀਪਰ ਦੇ ਤੌਰ 'ਤੇ ਸ਼ਾਮਲ ਕੀਤੇ ਗਏ ਹਨ ਪਰ ਆਈ.ਪੀ.ਐੱਲ. ਤੋਂ ਪਰਤਨ ਦੇ ਬਾਅਦ ਜਦੋਂ ਉਹ ਆਪਣੀ ਟੀਮ ਕੇਂਟ ਦੇ ਨਾਲ ਬਤੌਰ ਕਪਤਾਨ ਮੈਦਾਨ 'ਚ ਉਤਰੇ ਤਾਂ ਵੱਡਾ ਹਾਦਸਾ ਹੋ ਗਿਆ। ਮੈਚ ਦੇ ਪਹਿਲੇ ਓਵਰ 'ਚ ਹੀ ਸੈਮ ਬਿਲਿੰਗਸ ਮੋਢੇ ਦੀ ਸੱਟ ਕਾਰਨ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਆਕਸੀਜ਼ਨ ਦੇਣੀ ਪਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਜਾਂਚ ਕੀਤੀ ਗਈ।

ਇੰਗਲੈਂਡ ਨੂੰ ਹੋਇਆ ਵੱਡਾ ਨੁਕਸਾਨ
27 ਸਾਲ ਦੇ ਸੈਮ ਬਿਲਿੰਗਸ ਨੂੰ ਜਾਨੀ ਬੇਅਰਸਟਾਅ ਅਤੇ ਜੋਸ ਬਟਲਰ ਦੇ ਬਾਅਦ ਦੇਸ਼ ਦਾ ਦਮਦਾਰ ਵਿਕਟਕੀਪਰ ਮੰਨਿਆ ਜਾਂਦਾ ਹੈ, ਪਰ ਇਸ ਸੱਟ ਨੇ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਦੀ ਚਿੰਤਾ ਵਧਾ ਦਿੱਤੀ ਹੈ। ਇਸ ਖਿਡਾਰੀ ਨੇ ਅਜੇ ਤਕ 15 ਵਨ ਡੇ 'ਚ 271 ਦੌੜਾਂ ਬਣਾਉਣ ਤੋਂ ਇਲਾਵਾ 13 ਕੈਚ ਫੜੇ ਹਨ ਅਤੇ 21 ਟੀ-20 'ਚ ਵੀ ਉਨ੍ਹਾਂ ਦੇ ਅੰਕੜੇ ਚੰਗੇ ਹਨ। ਇੱਥੇ ਉਨ੍ਹਾਂ ਨੇ 314 ਦੌੜਾਂ ਦੇ ਨਾਲ 13 ਕੈਚ ਕੀਤੇ ਅਤੇ ਇਕ ਖਿਡਾਰੀ ਨੂੰ ਸਟੰਪ ਆਊਟ ਵੀ ਕੀਤਾ।

ਵਰਲਡ ਕੱਪ ਨੂੰ ਲੈ ਕੇ ਇੰਗਲੈਂਡ ਦੀ ਵਧਦੀ ਚਿੰਤਾ
ਇੰਗਲੈਂਡ ਦੇ ਓਪਨਰ ਐਲੇਕਸ ਹੇਲਸ ਨਿੱਜੀ ਕਾਰਨਾਂ ਦੇ ਚਲਦੇ ਕ੍ਰਿਕਟ ਦੇ ਮੈਦਾਨ 'ਤੇ ਨਹੀਂ ਉਤਰ ਰਹੇ ਹਨ ਤਾਂ ਆਲਰਾਊਂਡਰ ਜੋ ਡੇਨਲੀ ਅਤੇ ਓਪਨਰ ਜੇਸਨ ਰਾਏ ਵੀ ਕਮਰ ਦਰਦ ਨਾਲ ਜੂਝ ਰਹੇ ਹਨ ਲਿਹਾਜ਼ਾ ਇੰਗਲੈਂਡ ਦੀ ਵਰਲਡ ਕਪ ਨੂੰ ਲੈ ਕੇ ਪਰੇਸ਼ਾਨੀ ਵਧਦੀ ਹੀ ਜਾ ਰਹੀ ਹੈ, ਜਦਕਿ ਪਾਕਿਸਤਾਨ ਅਤੇ ਆਇਰਲੈਂਡ ਖਿਲਾਫ ਉਸ ਨੇ ਆਪਣੇ ਸਾਰੇ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ ਤਾਂ ਜੋ ਉਹ ਚੰਗੀ ਲੈਅ ਹਾਸਲ ਕਰਕੇ ਚੰਗਾ ਪ੍ਰਦਰਸ਼ਨ ਕਰ ਸਕਣ। ਜੋ ਖਿਡਾਰੀ ਚੰਗਾ ਪ੍ਰਦਰਸ਼ਨ ਕਰੇਗਾ ਉਹ ਸੱਟ ਦੇ ਸ਼ਿਕਾਰ ਖਿਡਾਰੀ ਦੀ ਜਗ੍ਹਾ ਵਰਲਡ ਕੱਪ ਟੀਮ 'ਚ ਜਗ੍ਹਾ ਬਣਾ ਸਕਦਾ ਹੈ ਪਰ ਕਈ ਖਿਡਾਰੀਆਂ ਦੇ ਸੱਟ ਦਾ ਸ਼ਿਕਾਰ ਹੋ ਜਾਣ ਨਾਲ ਇੰਗਲੈਂਡ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਹਨ।


author

Tarsem Singh

Content Editor

Related News