PRTC ਬੱਸ ਕਾਰਨ ਵਾਪਰਿਆ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ

Wednesday, Apr 29, 2026 - 04:25 PM (IST)

PRTC ਬੱਸ ਕਾਰਨ ਵਾਪਰਿਆ ਹਾਦਸਾ, ਵਿਅਕਤੀ ਦੀ ਦਰਦਨਾਕ ਮੌਤ

ਲੁਧਿਆਣਾ (ਰਾਜ): ਲੁਧਿਆਣਾ ਹਾਈਵੇਅ 'ਤੇ ਪਿੰਡ ਨੰਦਪੁਰ ਦੇ ਕੋਲ ਹੋਏ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ 38 ਸਾਲਾ ਵਿਅਕਤੀ ਦੀ ਜਾਨ ਚਲੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਵਿਅਕਤੀ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਅਤੇ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਰਕਾਰੀ ਬੱਸ ਦਾ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਰਿਹਾ। ਮ੍ਰਿਤਕ ਦੀ ਪਛਾਣ ਸੰਦੀਪ ਸਿੰਘ (38 ਸਾਲ) ਪੁੱਤਰ ਮਾਇਆ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ। ਪੁਲਸ ਨੇ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਬੱਸ ਚਾਲਕ ਮਨਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਅਵਤਾਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 27 ਅਪ੍ਰੈਲ ਨੂੰ ਉਹ ਅਤੇ ਸੰਦੀਪ ਸਿੰਘ ਆਪਣੇ-ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਸੇ ਕੰਮ ਲਈ ਲੁਧਿਆਣਾ ਜਾ ਰਹੇ ਸਨ। ਜਦੋਂ ਉਹ ਪਿੰਡ ਨੰਦਪੁਰ ਦੇ ਕੋਲ ਸਰਵਿਸ ਲੇਨ ਤੋਂ ਮੇਨ ਹਾਈਵੇਅ 'ਤੇ ਚੜ੍ਹਨ ਲੱਗੇ, ਉਦੋਂ ਹੀ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ PRTC ਬੱਸ (ਨੰਬਰ PB07CJ-2124) ਨੇ ਸੰਦੀਪ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬੱਸ ਚਾਲਕ ਮਨਪ੍ਰੀਤ ਸਿੰਘ ਬੱਸ ਨੂੰ ਬੜੀ ਹੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ। ਟੱਕਰ ਲੱਗਦੇ ਹੀ ਸੰਦੀਪ ਸਿੰਘ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਗਿਆ ਅਤੇ ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਮੁਲਜ਼ਮ ਚਾਲਕ ਮਨਪ੍ਰੀਤ ਸਿੰਘ ਮਨੁੱਖਤਾ ਦਿਖਾਉਣ ਦੀ ਬਜਾਏ ਆਪਣੀ ਬੱਸ ਲੈ ਕੇ ਮੌਕੇ ਤੋਂ ਭੱਜ ਨਿਕਲਿਆ। ਪੁਲਸ ਦਾ ਕਹਿਣਾ ਹੈ ਕਿ ਬੱਸ ਦੇ ਨੰਬਰ ਦੇ ਆਧਾਰ 'ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Anmol Tagra

Content Editor

Related News