ਫ਼ਸਲ ਵੇਚਣ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕਣਕ ਨਾਲ ਭਰੀ ਟਰਾਲੀ ਨੂੰ ਟਿੱਪਰ ਨੇ ਮਾਰੀ ਟੱਕਰ

Sunday, Apr 19, 2026 - 12:08 PM (IST)

ਫ਼ਸਲ ਵੇਚਣ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕਣਕ ਨਾਲ ਭਰੀ ਟਰਾਲੀ ਨੂੰ ਟਿੱਪਰ ਨੇ ਮਾਰੀ ਟੱਕਰ

ਜਗਦੇਵ ਸਿੰਘ (ਫ਼ਤਿਹਗੜ੍ਹ ਸਾਹਿਬ): ਚੁੰਨੀ-ਮੋਰਿੰਡਾ ਰੋਡ 'ਤੇ ਸੜਕ ਹਾਦਸਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਇਕ ਹੋਰ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਸਾਦਕਪੁਰ ਦਾ ਇਕ ਕਿਸਾਨ ਕਣਕ ਵੇਚਣ ਲਈ ਟਰੈਕਟਰ-ਟਰਾਲੀ ਰਾਹੀਂ ਦਾਣਾ ਮੰਡੀ ਮੋਰਿੰਡਾ ਵਿਖੇ ਜਾ ਰਿਹਾ ਸੀ। ਇਸ ਦੌਰਾਨ ਜਦੋਂ ਕਿਸਾਨ ਦਾਣਾ ਮੰਡੀ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਟਰੈਕਟਰ-ਟਰਾਲੀ ਨੂੰ ਇਕ ਵਾਰ ਨਹੀਂ, ਬਲਕਿ ਵਾਰ-ਵਾਰ ਟੱਕਰਾਂ ਮਾਰੀਆਂ। 

ਇਹ ਟੱਕਰਾਂ ਇੰਨੀਆਂ ਜ਼ੋਰਦਾਰ ਸਨ ਕਿ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਟਰਾਲੀ ਵਿਚ ਲੱਦੀ ਹੋਈ ਕਣਕ ਸੜਕ 'ਤੇ ਖਿੱਲਰ ਗਈ। ਇਸ ਹਾਦਸੇ ਵਿਚ ਕਿਸਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪਿੰਡ ਵਾਸੀਆਂ ਅਤੇ ਉੱਥੋਂ ਲੰਘ ਰਹੇ ਰਾਹਗੀਰਾਂ ਨੇ ਹਿੰਮਤ ਦਿਖਾਉਂਦੇ ਹੋਏ ਜ਼ਖ਼ਮੀ ਕਿਸਾਨ ਨੂੰ ਟਰੈਕਟਰ ਵਿਚੋਂ ਬਾਹਰ ਕੱਢਿਆ ਅਤੇ ਤੁਰੰਤ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਸੇ ਰੋਡ 'ਤੇ ਕੁਝ ਦਿਨ ਪਹਿਲਾਂ ਹੀ ਪਿੰਡ ਹਿੰਮਤਪੁਰਾ ਦੇ ਨਜ਼ਦੀਕ ਇਕ ਬਹੁਤ ਹੀ ਭਿਆਨਕ ਹਾਦਸਾ ਵਾਪਰਿਆ ਸੀ। ਉਸ ਸਮੇਂ ਵਿਸਾਖੀ ਮੌਕੇ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤਾਂ ਦੀ ਬੱਸ ਪਲਟ ਗਈ ਸੀ, ਜਿਸ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਵਾਰ-ਵਾਰ ਵਾਪਰ ਰਹੇ ਇਨ੍ਹਾਂ ਹਾਦਸਿਆਂ ਕਾਰਨ ਇਲਾਕਾ ਨਿਵਾਸੀਆਂ ਵਿਚ ਪ੍ਰਸ਼ਾਸਨ ਅਤੇ ਤੇਜ਼ ਰਫ਼ਤਾਰ ਵਾਹਨਾਂ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਮਾਰਗ 'ਤੇ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ।


author

Anmol Tagra

Content Editor

Related News