ਸਾਜਨ ਨੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ''ਚ ਜਿੱਤਿਆ ਇਤਿਹਾਸਕ ਤਮਗਾ
Wednesday, Oct 19, 2022 - 12:38 PM (IST)
ਪੋਂਤੇਵੇਦਰਾ/ਸਪੇਨ (ਵਾਰਤਾ)- ਭਾਰਤ ਦੇ ਸਾਜਨ ਭਾਨਵਾਲਾ ਨੇ ਇੱਥੇ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਗ੍ਰੀਕੋ-ਰੋਮਨ ਦਾ ਇਤਿਹਾਸਕ ਕਾਂਸੀ ਤਮਗਾ ਜਿੱਤ ਲਿਆ ਹੈ। ਸਾਜਨ ਨੇ ਮੰਗਲਵਾਰ ਨੂੰ ਗ੍ਰੀਕੋ-ਰੋਮਨ ਵਰਗ 'ਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਲਈ 77 ਕਿਲੋਗ੍ਰਾਮ ਵਰਗ ਦੇ ਰੋਮਾਂਚਕ ਮੁਕਾਬਲੇ 'ਚ ਯੂਕਰੇਨ ਦੇ ਦਿਮਿਤਰੋ ਵੈਸੇਟਸਕੀ ਨੂੰ ਹਰਾਇਆ। ਭਾਰਤੀ ਪਹਿਲਵਾਨ ਦੂਜੇ ਦੌਰ ਵਿੱਚ 4-10 ਨਾਲ ਪਿੱਛੇ ਚੱਲ ਰਹੇ ਸਨ।
ਉਨ੍ਹਾਂ ਨੇ ਇੱਥੋਂ ਸ਼ਾਨਦਾਰ ਵਾਪਸੀ ਕੀਤੀ ਅਤੇ ਆਖਰੀ 30 ਸਕਿੰਟਾਂ ਵਿੱਚ 6 ਅੰਕ ਬਣਾ ਕੇ ਆਪਣੇ ਵਿਰੋਧੀ ਨੂੰ ਤਕਨੀਕੀ ਆਧਾਰ ’ਤੇ 10-10 ਨਾਲ ਮਾਤ ਦਿੱਤੀ। ਸਾਜਨ ਨੂੰ ਪ੍ਰੀ ਕੁਆਰਟਰ ਫਾਈਨਲ ਵਿੱਚ ਮੋਰਦੋਵੀਆ ਦੇ ਪਹਿਲਵਾਨ ਅਲੈਗਜ਼ੈਂਡਰਿਨ ਗੁਟੂ ਤੋਂ 8-0 ਨਾਲ ਹਾਰ ਝੱਲਣੀ ਪਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਸੀ ਤਮਗੇ ਦੇ ਮੁਕਾਬਲੇ ਵਿੱਚ ਪ੍ਰਵੇਸ਼ ਕਰਨ ਲਈ ਰੇਪੇਚੇਜ ਰਾਊਂਡ ਵਿੱਚ ਕਜ਼ਾਕਿਸਤਾਨ ਦੇ ਰਸੂਲ ਝੁਨਿਸ ਨੂੰ 9-6 ਨਾਲ ਹਰਾਇਆ।
ਗੁਟੂ ਦੇ ਫਾਈਨਲ ਵਿੱਚ ਪਹੁੰਚਣ ਨਾਲ, ਸਾਜਨ ਨੂੰ ਰੇਪੇਚੇਜ ਨਿਯਮ ਦੇ ਤਹਿਤ ਟੂਰਨਾਮੈਂਟ ਵਿੱਚ ਜ਼ਿੰਦਾ ਰਹਿਣ ਦਾ ਮੌਕਾ ਮਿਲਿਆ। ਧਿਆਨਦੇਣ ਯੋਗ ਹੈ ਕਿ ਇਕ ਪਹਿਲਵਾਨ ਰੈਪਚੇਜ ਰਾਊਂਡ ਵਿੱਚ ਦਾਖ਼ਲ ਹੋ ਸਕਦਾ ਹੈ, ਜੇਕਰ ਉਨ੍ਹਾਂ ਹਰਾਉਣ ਵਾਲਾ ਪਹਿਲਵਾਨ ਫਾਈਨਲ ਵਿਚ ਪਹੁੰਚ ਜਾਏ। ਇਸ ਤੋਂ ਇਲਾਵਾ 72 ਕਿਲੋਗ੍ਰਾਮ ਵਰਗ 'ਚ ਵਿਕਾਸ ਸੈਮੀਫਾਈਨਲ 'ਚ ਕ੍ਰੋਏਸ਼ੀਆ ਦੇ ਪਾਵੇਲ ਪੁਕਲਵੇਕ ਤੋਂ ਹਾਰ ਗਏ।