ਖੇਡ ਅਧਿਕਾਰੀਆਂ ਦੀ ਸੂਚੀ ਤੋਂ ਪਿਤਾ ਦਾ ਨਾਂ ਹਟਾਉਣ ''ਤੇ ਭੜਕੀ ਸਾਇਨਾ ਨੇਹਵਾਲ

04/03/2018 3:48:41 PM

ਨਵੀਂ ਦਿੱਲੀ (ਬਿਊਰੋ)— ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੇ ਗੋਲਟ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਅਧਿਕਾਰੀਆਂ ਦੀ ਸੂਚੀ ਤੋਂ ਆਪਣੇ ਪਿਤਾ ਹਰਵੀਰ ਸਿੰਘ ਦਾ ਨਾਂ ਹਟਾਏ ਜਾਣ 'ਤੇ ਡੂੰਘੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਸਟਰੇਲੀਆ ਦੇ ਗੋਲਡ ਕੋਸਟ 'ਚ ਬੁੱਧਵਾਰ ਤੋਂ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈਣ ਗਈ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੇ ਪਿਤਾ ਦਾ ਨਾਂ ਬਤੌਰ ਅਧਿਕਾਰੀ ਪ੍ਰਸਤਾਵਤ ਕੀਤਾ ਗਿਆ ਸੀ। ਜਦਕਿ ਪੀ.ਵੀ. ਸਿੰਧੂ ਦੀ ਮਾਤਾ ਦਾ ਨਾਂ ਵੀ ਬਾਅਦ 'ਚ ਅਧਿਕਾਰੀਆਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਸੀ। ਪਰ ਕੇਂਦਰੀ ਮੰਤਰਾਲਾ ਨੇ ਬਾਅਦ 'ਚ ਇਨ੍ਹਾਂ ਨੂੰ ਭਾਰਤੀ ਦਲ ਦੇ ਨਾਲ ਆਪਣੇ ਖਰਚੇ 'ਤੇ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। 

ਸਾਇਨਾ ਨੇ ਗੁੱਸਾ ਜ਼ਾਹਰ ਕਰਦੇ ਹੋਏ ਕਿਹਾ ਕਿ ਗੋਲਡ ਕੋਸਟ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਦਾ ਨਾਂ ਅਧਿਕਾਰਤ ਸੂਚੀ ਤੋਂ ਹਟਾ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਉਨ੍ਹਾਂ ਦੇ ਪਿਤਾ ਉਨ੍ਹਾਂ ਦਾ ਕੋਈ ਵੀ ਮੈਚ ਨਹੀਂ ਖੇਡ ਸਕਣਗੇ। ਓਲੰਪਿਕ ਤਮਗਾ ਜੇਤੂ ਨੇ ਟਵਿੱਟਰ 'ਤੇ ਕਈ ਟਵੀਟਸ ਕਰਦੇ ਹੋਏ ਆਪਣਾ ਗੁੱਸਾ ਵੀ ਜ਼ਾਹਰ ਕੀਤਾ ਹੈ। ਬੈਡਮਿੰਟਨ ਖਿਡਾਰਨ ਨੇ ਲਿਖਿਆ, ''ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਜਦੋਂ ਅਸੀਂ ਭਾਰਤ ਤੋਂ ਰਾਸ਼ਟਰਮੰਡਲ ਖੇਡਾਂ ਦੇ ਲਈ ਰਵਾਨਾ ਹੋਏ ਸੀ ਤਾਂ ਉਦੋਂ ਮੇਰੇ ਪਿਤਾ ਦੇ ਨਾਂ ਦੀ ਟੀਮ ਅਧਿਕਾਰੀ ਦੇ ਤੌਰ 'ਤੇ ਪੁਸ਼ਟੀ ਹੋਈ ਸੀ ਅਤੇ ਅਸੀਂ ਇਸ ਲਈ ਪੂਰਾ ਖਰਚਾ ਵੀ ਖੁਦ ਹੀ ਭਰਿਆ ਸੀ ਪਰ ਜਦੋਂ ਅਸੀਂ ਖੇਡ ਪਿੰਡ ਪਹੁੰਚੇ ਤਾਂ ਮੇਰੇ ਪਿਤਾ ਦਾ ਨਾਂ ਟੀਮ ਅਧਿਕਾਰੀਆਂ ਦੀ ਸੂਚੀ ਤੋਂ ਕਟਾ ਦਿੱਤਾ ਗਿਆ ਸੀ। ਉਹ ਤਾਂ ਹੁਣ ਮੇਰੇ ਨਾਲ ਰਹਿ ਵੀ ਨਹੀਂ ਸਕਦੇ ਹਨ।''


Related News