4 ਸੰਸਦ ਮੈਂਬਰਾਂ ਤੇ 5 ਸਾਬਕਾ ਮੰਤਰੀਆਂ ਦੀ ''ਮੁੱਛ ਦਾ ਸਵਾਲ'' ਬਣੀਆਂ ਜ਼ਿਮਨੀ ਚੋਣਾਂ
Saturday, Nov 02, 2024 - 11:52 AM (IST)
ਲੁਧਿਆਣਾ (ਹਿਤੇਸ਼)- ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀ ਉਪ ਚੋਣ ਲਈ ਵੋਟਿੰਗ ਨੂੰ ਲੈ ਕੇ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਗਿੱਦੜਬਾਹਾ ਸਭ ਤੋਂ ਹਾਟ ਸੀਟ ਬਣੀ ਹੋਈ ਹੈ, ਜਿਥੇ 2 ਸਾਬਕਾ ਮੰਤਰੀ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਆਹਮੋ-ਸਾਹਮਣੇ ਹਨ। ਇਸ ਸੀਟ ’ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਲਗਾਤਾਰ 3 ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਦੇ ਲੁਧਿਆਣਾ ਤੋਂ ਐੱਮ. ਪੀ. ਬਣਨ ਕਾਰਨ ਖਾਲੀ ਹੋਈ ਸੀਟ ’ਤੇ ਕਾਂਗਰਸ ਵੱਲੋਂ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ਦੇ ਮੁਕਾਬਲੇ ਭਾਰਤੀ ਜਨਤਾ ਪਾਰਟੀ ਵੱਲੋਂ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ 1995 ਤੋਂ 2012 ਤੱਕ ਲਗਾਤਾਰ ਇਸ ਸੀਟ ਤੋਂ ਵਿਧਾਇਕ ਰਹੇ ਹਨ ਅਤੇ ਅਕਾਲੀ ਦਲ ਛੱਡਣ ਦੇ ਨਾਲ ਹੀ ਸਿਆਸੀ ਤੌਰ ’ਤੇ ਕਾਂਗਰਸ ਦੇ ਬੈਨਰ ਹੇਠ ਬਠਿੰਡਾ ਸ਼ਿਫਟ ਹੋਣ ਤੋਂ 12 ਸਾਲ ਬਾਅਦ ਫਿਰ ਗਿੱਦੜਬਾਹਾ ’ਚ ਵਾਪਸੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਡੇਰਾ ਬਾਬਾ ਨਾਨਕ ਦੀ, ਜਿਥੇ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਗੁਰਦਾਸਪੁਰ ਤੋਂ ਐੱਮ. ਪੀ. ਬਣਨ ਤੋਂ ਬਾਅਦ ਖਾਲੀ ਹੋਈ ਸੀਟ ’ਤੇ ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਕਿਸਮਤ ਅਜ਼ਮਾ ਰਹੀ ਹੈ, ਜਿਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਉਮੀਦਵਾਰ ਅਤੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਬੇਟੇ ਰਵੀਕਰਨ ਸਿੰਘ ਨਾਲ ਮੰਨਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਵਿਧਾਨ ਸਭਾ ਉਪ ਚੋਣ ਲੜ ਰਹੇ ਨੇਤਾਵਾਂ ਦੇ ਪਰਿਵਾਰਕ ਮੈਂਬਰਾਂ ’ਚ ਚੱਬੇਵਾਲ ਤੋਂ ਸਾਬਕਾ ਵਿਧਾਇਕ ਅਤੇ ਹੁਣ ਹੁਸ਼ਿਆਰਪੁਰ ਤੋਂ ਐੱਮ. ਪੀ. ਬਣ ਚੁੱਕੇ ਰਾਜ ਕੁਮਾਰ ਦੇ ਬੇਟੇ ਇਸ਼ਾਂਤ ਦਾ ਨਾਂ ਆਉਂਦਾ ਹੈ, ਜਿਨ੍ਹਾਂ ਦੇ ਸਾਹਮਣੇ ਭਾਜਪਾ ਵੱਲੋਂ ਇਕ ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਆਏ ਸਾਬਕਾ ਮੰਤਰ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਗਈ। ਹਾਲਾਂਕਿ ਬਰਨਾਲਾ ਸੀਟ ’ਤੇ ਸੰਗਰੂਰ ਤੋਂ ਐੱਮ. ਪੀ. ਬਣੇ ਸਾਬਕਾ ਮੰਤਰੀ ਮੀਤ ਹੇਅਰ ਦੇ ਪਰਿਵਾਰ ਦਾ ਕੋਈ ਮੈਂਬਰ ਉਪ ਚੋਣ ਨਹੀਂ ਲੜ ਰਿਹਾ ਪਰ ਉਨ੍ਹਾਂ ਨੇ ਹੀ ਆਪਣੇ ਕਰੀਬੀ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਦਿਵਾਈ ਹੈ, ਜਿਸ ਦੇ ਸਾਹਮਣੇ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਢਿੱਲੋਂ ਭਾਜਪਾ ਦੇ ਉਮੀਦਵਾਰ ਵਜੋਂ ਮੈਦਾਨ ’ਚ ਹਨ। ਇਸ ਤਰ੍ਹਾਂ ਇਨ੍ਹਾਂ 4 ਸੀਟਾਂ ’ਤੇ 5 ਸਾਬਕਾ ਮੰਤਰੀਆਂ ਅਤੇ 4 ਸੰਸਦ ਮੈਂਬਰਾਂ ਦੀ ਸ਼ਾਖ ਦਾਅ ’ਤੇ ਲੱਗੀ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ AP ਢਿੱਲੋਂ ਘਰ ਫ਼ਾਇਰਿੰਗ ਮਾਮਲੇ 'ਚ ਨਵਾਂ ਮੋੜ
ਸਿਰਫ ਕਾਂਗਰਸ ਵੱਲੋਂ ਹੀ ਦਿੱਤੀ ਗਈ ਹੈ 2 ਔਰਤਾਂ ਨੂੰ ਟਿਕਟ
ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਉਪ ਚੋਣਾਂ ਨਾਲ ਜੁੜਿਆ ਹੋਇਆ ਇਕ ਪਹਿਲੂ ਇਹ ਵੀ ਹੈ ਕਿ ਸਿਰਫ ਕਾਂਗਰਸ ਵੱਲੋਂ ਹੀ 2 ਔਰਤਾਂ ਨੂੰ ਟਿਕਟ ਦਿੱਤੀ ਗਈ ਹੈ, ਜਿਨ੍ਹਾਂ ’ਚ ਗਿੱਦੜਬਾਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਅਤੇ ਡੇਰਾ ਬਾਬਾ ਨਾਨਕ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅਤੇ ਭਾਜਪਾ ਵੱਲੋਂ ਇਕ ਵੀ ਔਰਤ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8