ਵਿਦੇਸ਼ ਭੇਜਣ ਦੇ ਨਾਂ ''ਤੇ ਵੱਡੀਆਂ ਠੱਗੀਆਂ ਮਾਰਣ ਵਾਲਾ ਗ੍ਰਿਫ਼ਤਾਰ

Wednesday, Nov 06, 2024 - 04:06 PM (IST)

ਖਰੜ (ਅਮਰਦੀਪ) : ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਬਾਹਰਲੇ ਦੇਸ਼ ਭੇਜਣ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਠੱਗੀ ਦੇ 20 ਲੱਖ ਰੁਪਏ ਦੇ ਨਾਲ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਡੀ.ਐੱਸ.ਪੀ. ਸਬ ਡਵੀਜਨ ਖਰੜ-1 ਕਰਨ ਸਿੰਘ ਸੰਧੂ ਪੀ.ਪੀ.ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਨਵੰਬਰ 2024 ਨੂੰ ਸਚਿਨ ਸਿੰਘ ਪੁੱਤਰ ਜਸਮੇਲ ਸਿੰਘ ਵਾਸੀ ਪਿੰਡ ਚਾਂਦੂ ਧਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ਦੇ ਅਧਾਰ 'ਤੇ ਨਵੀਨ ਪੁੱਤਰ ਸਤੀਸ਼ ਕੁਮਾਰ 'ਤੇ ਮਾਮਲਾ ਦਰਜ ਕੀਤਾ ਸੀ। ਡੀ.ਐੱਸ.ਪੀ ਨੇ ਦੱਸਿਆ ਕਿ ਸਚਿਨ ਸਿੰਘ ਨੇ ਆਪਣੇ ਭਰਾ ਨੂੰ ਕਨੈਡਾ ਭੇਜਣ ਲਈ ਨਵੀਨ ਨੂੰ 10 ਲੱਖ ਰੁਪਏ ਤੇ ਪਾਸਪੋਰਟ ਦਿੱਤਾ ਸੀ। ਨਵੀਨ ਨੇ ਕਿਹਾ ਕਿ ਉਹ ਉਸ ਦੇ ਭਰਾ ਨੂੰ ਜਲਦ ਹੀ ਕੈਨੇਡਾ ਭੇਜ ਦੇਵੇਗਾ। ਉਸੇ ਦੌਰਾਨ ਸਚਿਨ ਸਿੰਘ ਨੂੰ ਮਨਦੀਪ ਸਿੰਘ ਨਾਮ ਦਾ ਲੜਕਾ ਮਿਲਿਆ ਜਿਸ ਨੇ ਗੱਲਾਂ ਗੱਲਾਂ ਵਿਚ ਦੱਸਿਆ ਕਿ ਉਸ ਤੋਂ ਵੀ ਨਵੀਨ ਨੇ ਉਸ ਦੇ ਚਾਚੇ ਦੇ ਲੜਕੇ ਨੂੰ ਬਾਹਰ ਭੇਜਣ ਦੇ ਨਾਮ ਪਰ 10 ਲੱਖ ਰੁਪਏ ਤੇ ਪਾਸਪੋਰਟ ਲਿਆ ਹੈ।

ਸਚਿਨ ਨੂੰ ਸ਼ੱਕ ਹੋਣ 'ਤੇ ਉਸ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਅਤੇ ਕਾਰਵਾਈ ਕਰਨ ਲਈ ਆਪਣਾ ਬਿਆਨ ਲਿਖਾਇਆ। ਡੀ.ਐੱਸ.ਪੀ. ਨੇ ਦੱਸਿਆ ਕਿ ਉਨ੍ਹਾਂ ਸਮੇਤ ਇੰਸ. ਕੁਲਵੰਤ ਸਿੰਘ ਐੱਸ.ਐੱਚ.ਓ. ਬਲੌਗੀ ਦੀ ਨਿਗਰਾਨੀ ਹੇਠ ਹੌਲਦਾਰ ਗੁਲਾਬ ਸਿੰਘ, ਹੌਲਦਾਰ ਕੁਲਵਿੰਦਰ ਸਿੰਘ, ਹੌਲਦਾਰ ਅਜੇ ਗਿੱਲ, ਪੀ.ਐੱਚ.ਜੀ. ਸੋਹਣ ਲਾਲ ਸਮੇਤ ਟੀਮ ਬਣਾਈ ਗਈ। ਟੀਮ ਵੱਲੋਂ ਕਾਰਵਾਈ ਕਰਦੇ ਹੋਏ ਮੁਲਜ਼ਮ ਨਵੀਨ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਕਿਨਾਲਾ ਥਾਣਾ ਉਕਲਾਣਾ ਜ਼ਿਲ੍ਹਾ ਹਿਸਾਰ ਹਰਿਆਣਾ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋਂ ਠੱਗੇ ਹੋਏ 20 ਲੱਖ ਰੁਪਏ ਤੇ 2 ਪਾਸਪੋਰਟ ਬਰਾਮਦ ਕੀਤੇ ਗਏ ਹਨ। ਮੁਲਜ਼ਮ ਨੂੰ ਅੱਜ ਖਰੜ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ।


Gurminder Singh

Content Editor

Related News