ਸਾਇਨਾ ਨੇਹਵਾਲ ਆਲ ਇੰਗਲੈਂਡ ਦੇ ਪਹਿਲੇ ਦੌਰ ’ਚੋਂ ਬਾਹਰ

03/12/2020 4:29:38 PM

ਬਰਮਿੰਘਮ—  ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਦੀ ਓਲੰਪਿਕ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਜਦੋਂ ਉਹ ਜਾਪਾਨ ਦੀ ਅਕਾਨੇ ਯਾਮਾਗੁਚੀ ਖਿਲਾਫ ਹਾਰ ਦੇ ਨਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਮਹਿਲਾ ਸਿੰਗਲ ਦੇ ਪਹਿਲੇ ਦੌਰ ’ਚੋਂ ਬਾਹਰ ਹੋ ਗਈ। ਸਾਇਨਾ ਨੂੰ ਬੁੱਧਵਾਰ ਨੂੰ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰੀ ਯਾਮਾਗੁਚੀ ਖਿਲਾਫ ਸਿਰਫ 28 ਮਿੰਟ ’ਚ 11-21, 8-21 ਨਾਲ ਹਾਰ ਝਲਣੀ ਪਈ। ਪੁਰਸ਼ ਸਿੰਗਲ ’ਚ ਹਾਲਾਂਕਿ ਲਕਸ਼ੈ ਸੇਨ ਨੇ ਹਾਂਗਕਾਂਗ ਦੇ ਚਿਊਕ ਯੂ ਲੀ ਨੂੰ 59 ਮਿੰਟ ਚਲੇ ਪਹਿਲੇ ਦੌਰ ਦੇ ਸਖਤ ਮੁਕਾਬਲੇ ’ਚ 17-21, 21-8, 21-17 ਨਾਲ ਹਰਾਇਆ।

ਸੇਨ ਹੁਣ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਉਣ ਲਈ ਦੂਜਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ 7ਵੇਂ ਨੰਬਰ ਦੇ ਖਿਡਾਰੀ ਡੈਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਭਿੜਨਗੇ। ਸਾਇਨਾ ਬੀ. ਡਬਲਿਊ. ਐੱਫ. ਰੈਂਕਿੰਗ ’ਚ 46267 ਅੰਕ ਦੇ ਨਾਲ 20ਵੇਂ ਸਥਾਨ ’ਤੇ ਚਲ ਰਹੀ ਹੈ ਅਤੇ 2012 ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੂੰ 2020 ਟੋਕੀਓ ਖੇਡਾਂ ’ਚ ਜਗ੍ਹਾ ਬਣਾਉਣ ਲਈ 28 ਅਪ੍ਰੈਲ ਦੀ ਕਟ ਆਫ ਤਾਰੀਖ ਤਕ ਚੋਟੀ ਦੇ 16 ’ਚ ਜਗ੍ਹਾ ਬਣਾਉਣੀ ਹੋਵੇਗੀ। ਸਾਇਨਾ ਨੂੰ ਓਲੰਪਿਕ ’ਚ ਕੁਆਲੀਫਾਈ ਕਰਨ ਲਈ ਕੁਝ ਚੰਗੇ ਨਤੀਜੇ ਹਾਸਲ ਕਰਨੇ ਹੋਣਗੇ। ਆਉਣ ਵਾਲੇ ਹਫਤਿਆਂ ’ਚ ਇਸ ਭਾਰਤੀ ਖਿਡਾਰੀ ਨੂੰ ਸਵਿਸ ਓਪਨ (17 ਤੋਂ 23 ਮਾਰਚ), ਇੰਡੀਅਨ ਓਪਨ (24 ਤੋਂ 29 ਮਾਰਚ) ਅਤੇ ਮਲੇਸ਼ੀਆ ਓਪਨ (21 ਮਾਰਚ ਤੋਂ 5 ਅਪ੍ਰੈਲ) ’ਚ ਹਿੱਸਾ ਲੈਣਾ ਹੈ। ਜਾਪਾਨ ਦੀ ਖਿਡਾਰੀ ਦੇ ਨਾਲ ਸਾਇਨਾ ਦੀ 11 ਮੁਕਾਬਲਿਆਂ ’ਚ ਇਹ ਨੌਵੀਂ ਹਾਰ ਹੈ। ਉਹ ਮੌਜੂਦਾ ਸੈਸ਼ਨ ’ਚ ਤੀਜੀ ਵਾਰ ਪਹਿਲੇ ਦੌਰ ’ਚੋਂ ਬਾਹਰ ਹੋਈ। 

ਸਾਇਨਾ ਦੀ ਹਾਰ ਦੇ ਨਾਲ ਮਹਿਲਾ ਸਿੰਗਲ ’ਚ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਭਾਰਤ ਦੀ ਇਕਲੌਤੀ ਉਮੀਦ ਬਚੀ ਹੈ। ਸਿੰਧੂ ਨੇ ਬੁੱਧਵਾਰ ਨੂੰ ਅਮਰੀਕਾ ਦੀ ਬੇਈਵੇਨ ਝੇਂਗ ਨੂੰ ਸਿੱਧੇ ਗੇਮ ’ਚ ਹਰਾਇਆ ਸੀ। ਪੁਰਸ਼ ਸਿੰਗਲ ’ਚ 18 ਸਾਲ ਦੇ ਸੇਨ ਭਾਰਤ ਦੀ ਇਕਮਾਤਰ ਉਮੀਦ ਹਨ ਕਿਉਂਕਿ ਬੁੱਧਵਾਰ ਨੂੰ ਪੀ. ਕਸ਼ਯਪ ਪਹਿਲੇ ਦੌਰ ਦੇ ਮੁਕਾਬਲੇ ਦੇ ਵਿਚਾਲੇ ਹੱਟ ਗਈ ਜਦਕਿ ਬੀ. ਸਾਈ ਪ੍ਰਣੀਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਸ਼ਯਪ ਨੇ ਸਿਰਫ ਇਕ ਮਿੰਟ ਬਾਅਦ ਹੀ ਸ਼ੇਸਾਰ ਹਿਰੇਨ ਰੁਸਤਾਵਿਤੋ ਖਿਲਾਫ ਮੁਕਾਬਲੇ ਤੋਂ ਹਟਣ ਦਾ ਫੈਸਲਾ ਕੀਤਾ ਸੀ। ਉਹ ਉਸ ਸਮੇਂ 0-3 ਨਾਲ ਪਿੱਛੇ ਸਨ। ਮਿਕਸਡ ਡਬਲਜ਼ ’ਚ ਪ੍ਰਣਵ ਜੈਰੀ ਚੋਪੜਾ ਅਤੇ ਐੱਨ. ਸਿੱਕੀਰੇਡੀ ਦੀ ਜੋੜੀ ਨੇ ਵੀ ਦੂਜੇ ਦੌਰ ’ਚ ਜਗ੍ਹਾ ਬਣਾਈ ਜਦੋਂ ਸੀ ਵੇਈ ਝੇਂਗ ਅਤੇ ਯਾ ਕਿਯੋਂਗ ਹੁਆਂਗ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਉਸ ਸਮੇਂ ਮੁਕਾਬਲੇ ਤੋਂ ਹੱਟ ਗਈ ਜਦੋਂ ਉਹ 4-5 ਨਾਲ ਪਿੱਛੇ ਸੀ।


Tarsem Singh

Content Editor

Related News